(ਅਸ਼ੋਕ ਲਾਲ)

ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਐਸ.ਡੀ.ਐਮ ਫਿਲੌਰ ਦੇ ਦਫਤਰ ਪਹੁੰਚਿਆ ਪਰ ਐਸ.ਡੀ.ਐਮ ਸਾਹਿਬ ਨੂੰ ਅਚਨਚੇਤ ਕੋਰੋਨਾ ਵਾਇਰਸ ਦੇ ਸਿਲਸਿਲੇ ਵਿੱਚ ਕਿਸੀ ਮੀਟਿੰਗ ਵਿੱਚ ਜਾਣਾ ਪੈ ਗਿਆ। ਐਸ.ਡੀ.ਐਮ ਡਾ: ਵਿਨੀਤ ਕੁਮਾਰ ਨੇ ਤੁਰੰਤ ਪ੍ਰਭਾਵ ਨਾਲ ਤਹਿਸੀਲਦਾਰ ਸ਼੍ਰੀ ਤਪਨ ਭਨੋਟ ਨੂੰ ਨੰਬਰਦਾਰ ਸਾਹਿਬਾਨਾਂ ਨਾਲ ਮੁਲਾਕਾਤ ਕਰਨ ਲਈ ਭੇਜਿਆ ਜਿਨ੍ਹਾਂ ਨੇ ਨੰਬਰਦਾਰ ਸਾਹਿਬਾਨਾਂ ਪਾਸੋਂ ਮੰਗ ਪੱਤਰ ਲਿਆ ਅਤੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਵਿਸ਼ੇਸ਼ ਮੁਲਾਕਾਤ ਵਿੱਚ ਸੂਬਾ ਪ੍ਰਧਾਨ ਸ. ਗੁਰਪਾਲ ਸਿੰਘ ਸਮਰਾ ਵੀ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਤਹਿਸੀਲਦਾਰ ਸਾਹਿਬ ਨੂੰ ਲੋਕ ਹਿੱਤ ਅਤੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ। ਨੰਬਰਦਾਰਾਂ ਨੇ ਮਾਣ-ਭੱਤਾ 1500 ਤੋਂ 2000 ਰੁਪਏ ਕਰਨ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਮੰਗ ਵੀ ਕੀਤੀ ਕਿ ਮਹਿੰਗਾਈ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਮਾਣ-ਭੱਤਾ 5000/- ਰੁਪਏ ਪ੍ਰਤੀ ਮਹੀਨਾ ਕਰਕੇ ਨੰਬਰਦਾਰਾਂ ਨੂੰ ਮਾਣ ਨੂੰ ਬਖਸ਼ੇ। ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਨੇ ਫਿਲੌਰ ਵਿਖੇ ਰੇਲਵੇ ਕ੍ਰੋਸਿੰਗ ਵਾਲੇ ਫਾਟਕ ਉੱਪਰ ਫਲਾਈ ਓਵਰ ਬ੍ਰਿਜ ਬਣਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਅਤੇ ਫਿਲੌਰ-ਨੂਰਮਹਿਲ-ਨਕੋਦਰ ਅਤੇ ਨੂਰਮਹਿਲ-ਜਲੰਧਰ ਰੋਡ ਨੂੰ ਜਲਦੀ ਬਣਾਉਣ ਲਈ ਸਰਕਾਰ ਦਾ ਧਿਆਨ ਇਸ ਪਾਸੇ ਕੇਂਦਰਿਤ ਕਰਨ ਲਈ ਕਿਹਾ। ਇਸਦੇ ਨਾਲ ਹੀ ਤਹਿਸੀਲਦਾਰ ਫਿਲੌਰ ਦੇ ਦਫ਼ਤਰ ਅੱਗੇ ਮੀਂਹ ਕਾਰਨ ਖੜ੍ਹਦੇ ਪਾਣੀ ਉਪਰੰਤ ਹੋਣ ਵਾਲੇ ਚਿੱਕੜ ਕਾਰਣ ਲੋਕਾਂ ਲਈ ਬਣਦੀ ਮੁਸੀਬਤ ਨੂੰ ਦੂਰ ਕਰਨ ਲਈ ਫਰਸ਼ ਨੂੰ ਪੱਕਾ ਕਰਨ ਲਈ ਬੇਨਤੀ ਕੀਤੀ ਅਤੇ ਨੂਰਮਹਿਲ ਵਿਖੇ ਜਲੰਧਰੀ ਗੇਟ ਵਾਲੀ ਸੀਮੈਂਟਡ ਸੜਕ ਨੂੰ ਤੁਰੰਤ ਪ੍ਰਭਾਵ ਨਾਲ ਬਣਾਉਣ ਲਈ ਨੂਰਮਹਿਲ ਦੇ ਕਾਰਜ ਸਾਧਕ ਅਫ਼ਸਰ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ। ਨੰਬਰਦਾਰਾਂ ਨੇ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਨੰਬਰਦਾਰਾਂ ਦੇ ਖਾਤੇ ਵਿੱਚ ਪਾਉਣ ਵੇਲੇ ਜੋ ਅਣਗਹਿਲੀ ਵਰਤੀ ਜਾਂਦੀ ਹੈ ਉਹ ਅਣਗਹਿਲੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨੰਬਰਦਾਰਾਂ ਲਈ ਕੰਮ ਕਾਜ ਕਰਨ ਵਾਸਤੇ ਇੱਕ ਕਮਰਾ ਵੀ ਮੁਹਈਆ ਕਰਵਾਇਆ ਜਾਵੇ। ਨੰਬਰਦਾਰਾਂ ਦੀ ਪਾਰਕਿੰਗ ਸੰਬੰਧੀ ਸਮੱਸਿਆ ਨੂੰ ਦੂਰ ਕਰਨ ਉਚੇਚੇ ਤੌਰ ਤੇ ਸਰਕਾਰੀ ਬੋਰਡ ਲਗਾਏ ਜਾਣ। ਰਜਿਸਟਰੀ ਅਤੇ ਇੰਤਕਾਲ ਤਸਦੀਕ ਕਰਨ ਲਈ ਸੰਬੰਧਿਤ ਪਿੰਡ ਦੇ ਨੰਬਰਦਾਰ ਤੋਂ ਤਸਦੀਕ ਕਰਨੀ ਲਾਜ਼ਮੀ ਬਣਾਈ ਜਾਵੇ। ਸ਼ਿਕਾਇਤ ਨਿਵਾਰਣ ਕਮੇਟੀਆਂ ਜਾਂ ਹੋਰ ਸਰਕਾਰੀ-ਗੈਰ ਸਰਕਾਰੀ ਅਦਾਰਿਆਂ ਵਿੱਚ ਨੰਬਰਦਾਰ ਦੀ ਸ਼ਮੂਲੀਅਤ ਜਰੂਰੀ ਕੀਤੀ ਜਾਵੇ। ਸਰਕਾਰੀ ਦਫਤਰਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੀ ਸਮਾਂ-ਸੂਚੀ ਲਗਾਈ ਜਾਵੇ ਅਤੇ ਪੂਰੀ ਸਬ ਡਵੀਜ਼ਨ ਵਿੱਚ ਡੀਡ ਰਾਈਟਰਜ਼ ਵੱਲੋਂ ਉਗਰਾਹੀ ਜਾਂਦੀ ਫੀਸ ਸੰਬੰਧੀ ਸਰਕਾਰੀ ਬੋਰਡ ਵੀ ਲਗਾਏ ਜਾਣ। ਇਹਨਾਂ ਸਾਰੀਆਂ ਮੰਗਾਂ ਪ੍ਰਤੀ ਤਹਿਸੀਲਦਾਰ ਤਪਨ ਭਨੋਟ ਜੀ ਨੇ ਬੜੇ ਧਿਆਨ ਨਾਲ ਸੁਣਿਆ ਅਤੇ ਕੁੱਝ ਮੰਗਾਂ ਦਾ ਹੱਲ ਮੌਕਾ ਪਰ ਹੀ ਕੀਤਾ।

ਇਸ ਮੌਕੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਜਨਰਲ ਸਕੱਤਰ ਜਗਦੀਸ਼ ਸਿੰਘ ਗੋਰਸੀਆਂ ਨਿਹਾਲ, ਕੈਸ਼ੀਅਰ ਰਾਮ ਦਾਸ ਬਾਲੂ ਚੂਹੇਕੀ, ਪੀ.ਆਰ. ਓ ਜਗਨ ਨਾਥ ਚਾਹਲ ਨੂਰਮਹਿਲ, ਨੰਬਰਦਾਰ ਸੁਖਦੇਵ ਸਿੰਘ ਕਤਪਾਲੋਂ, ਅਸ਼ੋਕ ਕੁਮਾਰ ਬੱਕਾਪੁਰ, ਪ੍ਰੇਮ ਨਾਥ ਖੋਖੇਵਾਲ, ਜਰਨੈਲ ਸਿੰਘ ਗ਼ਦਰਾ, ਅਜੀਤ ਰਾਮ ਤਲਵਣ, ਜਸਵੰਤ ਸਿੰਘ ਜੰਡਿਆਲਾ, ਤਾਰਾ ਸਿੰਘ ਮੋਮੀ ਨਗਰ, ਬਲਵਿੰਦਰ ਸਿੰਘ ਗੜਾ, ਤਾਰਾ ਚੰਦ ਫਿਲੌਰ, ਭੁਪਿੰਦਰ ਸਿੰਘ ਫਿਲੌਰ, ਕੁਲਦੀਪ ਰਾਮ ਖਹਿਰਾ, ਹਰਪਾਲ ਸਿੰਘ ਪੁਆਦੜਾ, ਕੁਲਦੀਪ ਕੁਮਾਰ ਪੰਜਢੇਰਾਂ ਤੋਂ ਇਲਾਵਾ ਹੋਰ ਨੰਬਰਦਾਰ ਸਾਹਿਬਾਨਾਂ ਨੇ ਆਪਣੇ ਹੱਕਾਂ ਦੀਆਂ ਮੰਗਾਂ ਤੋਂ ਵੱਧ ਲੋਕ ਹਿੱਤਾਂ ਦੀਆਂ ਮੰਗਾਂ ਵੱਲ ਅਫਸਰਾਂ ਦਾ ਧਿਆਨ ਕੇਂਦਰਿਤ ਕਰਨ ਉੱਪਰ ਜ਼ਿਆਦਾ ਜ਼ੋਰ ਦਿੱਤਾ।