(ਅਸ਼ੋਕ ਲਾਲ)

ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਨੰਬਰਦਾਰ ਯੂਨੀਅਨ ਦੇ ਵਿਹੜੇ ਵਿੱਚ ਦੇਸ਼ ਦਾ ਗੌਰਵ ਦੇਸ਼ ਦਾ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਾਬਕਾ ਵਿਧਾਇਕ ਸ. ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਨਕੋਦਰ ਆਪਣੇ ਕਰ ਕਮਲਾਂ ਨਾਲ ਕਰਨਗੇ। ਜਸ਼ਨ-ਏ-ਗਣਤੰਤਰ ਟਵੰਟੀ-ਟਵੰਟੀ ਦੇ ਸੁਭਾਗੇ ਮੌਕੇ ਜਿੱਥੇ ਬਰਾੜ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਉੱਥੇ ਸੂਬਾ ਪ੍ਰਧਾਨ ਸ. ਗੁਰਪਾਲ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਸ਼ਮੂਲੀਅਤ ਕਰਨਗੇ। ਉਹਨਾਂ ਕਿਹਾ ਕਿ ਗਣਤੰਤਰ ਦਿਵਸ ਮਨਾਉਣ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸ਼ੁਭ ਦਿਹਾੜੇ ਮੌਕੇ ਨੂਰਮਹਿਲ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਥਾਣਾ ਮੁਖੀ ਸ਼੍ਰੀ ਜਤਿੰਦਰ ਕੁਮਾਰ ਦੀ ਦੇਖ-ਰੇਖ ਅਧੀਨ ਉਚੇਚੇ ਤੌਰ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਦਾ ਫਰਜ਼ ਨਿਭਾਇਆ ਜਾਵੇਗਾ।

ਸੂਬਾ ਪ੍ਰਧਾਨ ਗੁਰਪਾਲ ਸਿੰਘ ਅਤੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਸਮੂਹ ਨੰਬਰਦਾਰ ਸਾਹਿਬਾਨ 26 ਜਨਵਰੀ ਦਿਨ ਐਤਵਾਰ ਨੂੰ ਠੀਕ 9 ਵਜੇ ਅਤੇ ਇਲਾਕੇ ਦੇ ਸਮੂਹ ਦੇਸ਼ ਪ੍ਰੇਮੀ 9:15 ਵਜੇ ਨੰਬਰਦਾਰ ਯੂਨੀਅਨ ਦੇ ਹੈਡ ਆਫ਼ਿਸ, ਤਹਿਸੀਲ ਕੰਪਲੈਕਸ, ਨੂਰਮਹਿਲ ਵਿਖੇ ਪਹੁੰਚਕੇ ਦੇਸ਼ ਦੇ ਰਾਸ਼ਟਰੀ ਝੰਡੇ ਅੱਗੇ ਨਤਮਸਤਕ ਹੋ ਕੇ ਦੇਸ਼ ਦੇ ਮਾਣਮੱਤੇ ਸ਼ਹੀਦਾਂ ਪ੍ਰਤੀ ਆਪਣਾ ਫਰਜ਼ ਨਿਭਾਉਣ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਸਮੂਹ ਦੇਸ਼ ਪ੍ਰੇਮੀਆਂ ਲਈ ਚਾਹ ਪਾਣੀ ਦੀ ਸੇਵਾ ਨਿਭਾਈ ਜਾਵੇਗੀ।