ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ: ਸ਼ਾਹਕੋਟ-ਮਲਸੀਆਂ ਨੈਸ਼ਨਲ ਹਾਈਵੇ ਤੇ ਰੇਤਾਂ ਡਿੱਗੀ ਹੋਣ ਕਾਰਨ ਬੁੱਧਵਾਰ ਸਵੇਰੇ 2 ਕਾਰਾਂ ਹਾਦਸਾਗ੍ਰਸਤ ਹੋ ਗਈਆਂ।
ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਨਜ਼ਦੀਕ ਸਤਲੁਜ ਦਰਿਆ ਹੋਣ ਕਾਰਨ ਦਰਿਆ ਖੇਤਰ ’ਚੋ ਰੇਤਾਂ ਦੀ ਨਿਕਾਸੀ ਕੀਤੀ ਜਾਂਦੀ ਹੈ ਅਤੇ ਜਦ ਹਾਈਵੇ ਤੋਂ ਰੇਤਾਂ ਦੀਆਂ ਓਵਰਲੋਡ ਟਰਾਲੀਆਂ ਲੰਘਦੀਆਂ ਹਨ ਤਾਂ ਉਨਾਂ ਵਿੱਚੋਂ ਰੇਤ ਸੜਕ ਤੇ ਡਿੱਗ ਜਾਂਦੀ ਹੈ। ਅੱਜ ਸਵੇਰੇ ਕਰੀਬ 11 ਵਜੇ ਜਗਦੀਸ਼ ਕੁਮਾਰ ਪੁੱਤਰ ਦੇਸ ਰਾਜ ਅਤੇ ਜਗਦੀਸ਼ ਕੁਮਾਰ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਬਾਕਰਵਾਲਾ (ਧਰਮਕੋਟ) ਆਪਣੀ ਚਿੱਟੇ ਰੰਗ ਦੀ ਸਵੀਫਟ ਡਿਜਾਇਰ ਕਾਰ ਨੰ: ਪੀ.ਬੀ.04-ਏ.ਡੀ.-4365 ਵਿੱਚ ਸਵਾਰ ਹੋ ਕੇ ਧਰਮਕੋਟ ਤੋਂ ਜਲੰਧਰ ਜਾ ਰਹੇ ਸਨ, ਜਦ ਉਹ ਐਸ.ਡੀ.ਐੱਮ. ਦਫ਼ਤਰ ਦੇ ਸਾਹਮਣੇ ਫਲਾਈਓਵਰ ਨਜ਼ਦੀਕ ਪਹੁੰਚੇ ਤਾਂ ਮੀਂਹ ਪੈਣ ਕਾਰਨ ਸੜਕ ਤੇ ਡਿੱਗੀ ਰੇਤਾਂ ਤੋਂ ਉਨਾਂ ਦੀ ਕਾਰ ਅਚਾਨਕ ਸਲਿੱਪ ਹੋ ਗਈ ਅਤੇ ਕਾਰ ਪਲਟੀਆਂ ਖਾਂਦੀ ਡਿਵਾਈਡਰ ਉੱਪਰ ਚੜ੍ਹ ਗਈ। ਇਸ ਦੌਰਾਨ ਅਮਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੋਗਾ ਆਪਣੀ ਸਿਲਵਰ ਰੰਗ ਦੀ ਆਲਟੋ ਕਾਰ ਨੰ: ਪੀ.ਬੀ.69-ਏ-3956 ਵਿੱਚ ਸਵਾਰ ਹੋ ਕੇ ਮੋਗੇ ਤੋਂ ਜਲੰਧਰ ਜਾ ਰਿਹਾ ਸੀ, ਜਿਸ ਦੀ ਕਾਰ ਵੀ ਸੜਕ ਤੇ ਡਿੱਗੀ ਰੇਤਾਂ ਤੋਂ ਅਚਾਨਕ ਸਲਿੱਪ ਹੋ ਗਈ ਅਤੇ ਅੱਗੇ ਪਲਟੀ ਸਵੀਫ਼ਟ ਡਿਜਾਇਰ ਵਿੱਚ ਵੱਜਣ ਤੋਂ ਬਾਅਦ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣੋ ਤਾਂ ਬਚਾਅ ਰਿਹਾ, ਪਰ ਦੋਵੇਂ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀ ਅਤੇ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਕਾਰ ਸਵਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਇਹ ਹਾਦਸਾ ਕੇਵਲ ਸੜਕ ਤੇ ਡਿੱਗੀ ਰੇਤਾਂ ਕਾਰਨ ਵਾਪਰਿਆ ਹੈ। ਉਨਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸੜਕ ਤੇ ਡਿੱਗੀ ਰੇਤਾਂ ਨੂੰ ਸਾਫ਼ ਕਰਵਾਇਆ ਜਾਵੇ ਅਤੇ ਰੇਤਾਂ ਦੀ ਨਕਾਸੀ ਕਰਨ ਵਾਲੇ ਓਵਰਲੋਡ ਟਰੈਕਟਰ-ਟਰਾਲੀ ਚਾਲਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।