ਨੂਰਮਹਿਲ 19 ਜਨਵਰੀ
( ਨਰਿੰਦਰ ਭੰਡਾਲ )

ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਵਿਸ਼ੇਸ਼ ਬੈਠਕ 26 ਜਨਵਰੀ ਦਾ ਰਾਸ਼ਟਰੀ ਦਿਹਾੜਾ “ਜਸ਼ਨ-ਏ-ਗਣਤੰਤਰ ਟਵੰਟੀ-ਟਵੰਟੀ” ਮਨਾਉਣ ਸੰਬੰਧੀ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਈ। ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਸ. ਗੁਰਪਾਲ ਸਿੰਘ ਸਮਰਾ ਉਚੇਚੇ ਤੌਰ ਤੇ ਸ਼ਾਮਿਲ ਹੋਏ, ਉਹਨਾਂ ਕਿਹਾ ਕਿ ਉਹ ਲੋਕ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਦੇਸ਼ ਵਿਆਪੀ ਰੁਤਬੇ ਵਾਲੇ ਦਿਹਾੜੇ ਮਨਾਉਂਦੇ ਹਨ। ਉਹਨਾਂ ਫ਼ਖਰ ਮਹਿਸੂਸ ਕਰਦਿਆਂ ਕਿਹਾ ਕਿ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਸ਼ੋਕ ਸੰਧੂ ਹਰ ਸਾਲ ਬੜੇ ਲੰਬੇ ਸਮੇਂ ਤੋਂ 15 ਅਗਸਤ ਅਤੇ 26 ਜਨਵਰੀ ਵਰਗੇ ਮਾਣਮੱਤੇ ਦੋ ਕੌਮੀ ਦਿਹਾੜੇ ਬੜੀ ਸ਼ਾਨ-ਓ-ਸ਼ੌਕਤ ਅਤੇ ਸ਼ਰਧਾ ਭਾਵ ਨਾਲ ਮਨਾਉਂਦੇ ਹਨ।

ਇਸ ਮੀਟਿੰਗ ਵਿੱਚ ਨੂਰਮਹਿਲ ਨਾਲ ਸੰਬੰਧਤ ਸੜਕਾਂ ਦਾ ਮੁੱਦਾ ਬੜੀ ਗਰਮਜੋਸ਼ੀ ਨਾਲ ਉੱਠਿਆ। ਨੰਬਰਦਾਰ ਸਾਹਿਬਾਨਾਂ ਨੇ ਪੀ.ਡਬਲਯੂ.ਡੀ ਵਿਭਾਗ ਦੀ ਕਾਰਜਗੁਜਾਰੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਹ ਵਿਭਾਗ ਨੰਬਰਦਾਰ ਯੂਨੀਅਨ ਨਾਲ ਵਾਅਦਾ ਕਰਕੇ ਵਾਅਦਾ-ਖਿਲਾਫ਼ੀ ਕਰਨ ਦਾ ਆਦਿ ਬਣ ਚੁੱਕਾ ਹੈ ਜੋ ਯੂਨੀਅਨ ਨੂੰ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੰਦਾ ਹੈ। ਪੀ.ਡਬਲਯੂ.ਡੀ ਵਿਭਾਗ ਦੇ ਅਫਸਰਾਂ ਨੇ ਵਾਅਦਾ ਕੀਤਾ ਸੀ ਕਿ ਉਹ ਨੂਰਮਹਿਲ ਸਥਿਤ ਰਾਮ ਮੰਦਿਰ ਤੋਂ ਸ਼ਹਿਰ ਵੱਲ ਇੰਟਰਲੌਕ ਟਾਇਲਾਂ ਲਗਾਕੇ ਸੜਕ ਦੀ ਕਾਇਆ ਕਲਪ ਕਰ ਦੇਵੇਗਾ ਪਰ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਵੀ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਵਿਭਾਗ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਨੂਰਮਹਿਲ-ਨਕੋਦਰ-ਫਿਲੌਰ ਸੜਕ ਨੇਪੜੇ ਚਾੜਨੀ ਸੀ ਪਰ ਲੋਕਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ। ਨੂਰਮਹਿਲ-ਜਲੰਧਰ-ਤਲਵਣ ਰੋਡ ਵੀ ਕਰੀਬ ਡੇਢ ਸਾਲ ਤੋਂ ਵਿੱਚ-ਵਿਚਾਲੇ ਲਟਕ ਰਹੀ ਹੈ। ਲੋਕ ਰੋਜ਼ਾਨਾ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ, ਸੱਟਾਂ ਲਗਵਾ ਰਹੇ ਹਨ, ਵਹੀਕਲ ਵੱਖਰੇ ਤੁੜਵਾ ਰਹੇ ਹਨ ਪਰ ਇਸ ਵਿਭਾਗ ਨੂੰ ਲੋਕ ਹਿੱਤਾਂ ਦੀ ਕੋਈ ਪਰਵਾਹ ਨਹੀਂ। ਪੰਜਾਬ ਸਰਕਾਰ ਵੱਲੋਂ ਲੋੜੀਂਦੀ ਰਾਸ਼ੀ ਵੀ ਜਾਰੀ ਹੋਣ ਦੇ ਬਾਵਜੂਦ ਇਹ ਵਿਭਾਗ ਸੜਕਾਂ ਨਾ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਿਰ ਚੰਗੀ-ਚੌਖੀ ਸੁਆਹ ਪਾ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ 26 ਜਨਵਰੀ ਵਾਲੇ ਦਿਨ ਵਿਭਾਗ ਦਾ ਪੁਤਲਾ ਫੂਕ ਮੁਜ਼ਾਹਰਾ ਕਰਨਾ ਲੋਕਾਈ ਦੇ ਭਲੇ ਵਿੱਚ ਹੋਵੇਗਾ। ਇਸੇ ਕੜੀ ਦੇ ਚਲਦਿਆਂ ਨੰਬਰਦਾਰ ਯੂਨੀਅਨ ਨੇ ਤਤਕਾਲ ਇੱਕ ਪੁਤਲਾ ਬਣਾਇਆ ਅਤੇ ਉਸਨੂੰ ਨਕੋਦਰ ਟੀ-ਪੁਆਇੰਟ ਪਾਸ ਸਥਾਪਿਤ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਹ ਸਥਾਪਿਤ ਕੀਤਾ ਗਿਆ ਪੁਤਲਾ 26 ਜਨਵਰੀ ਨੂੰ ਪੀ.ਡਬਲਯੂ.ਡੀ ਵਿਭਾਗ ਦੀ ਮਾੜੀ ਕਾਰਜਗੁਜਾਰੀ ਨੂੰ ਮੁੱਖ ਰੱਖਦਿਆਂ ਫੂਕਿਆ ਜਾਵੇਗਾ।

ਇਸ ਹੰਗਾਮੀ ਅਤੇ ਲੋਕਾਈ ਦੇ ਭਲੇ ਲਈ ਕੀਤੀ ਗਈ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ, ਪ੍ਰੈਸ ਸਕੱਤਰ ਪੰਜਾਬ ਸ਼ਿੰਗਾਰਾ ਸਿੰਘ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਡਾਇਰੈਕਟਰ ਯੂਨੀਅਨ ਗੁਰਮੇਲ ਚੰਦ ਮੱਟੂ, ਪੀ.ਆਰ.ਓ ਜਗਨ ਨਾਥ ਚਾਹਲ, ਸਤਨਾਮ ਸਿੰਘ ਹਰਦੋ ਸੰਘਾ, ਸੁਰਿੰਦਰ ਸਿੰਘ ਬੁਰਜ ਖੇਲਾ, ਦਲਜੀਤ ਸਿੰਘ ਭੱਲੋਵਾਲ, ਬਲਜਿੰਦਰ ਸਿੰਘ ਭੋਡੇ, ਸੌਦਾਗਰ ਸਿੰਘ ਸੰਘੇ ਜਾਗੀਰ, ਹਰਪਾਲ ਸਿੰਘ ਪੁਆਦੜਾ, ਲਖਬੀਰ ਸਿੰਘ ਭੋਡੇ, ਦਿਨਕਰ ਸੰਧੂ ਨੂਰਮਹਿਲ, ਸੀਤਾ ਰਾਮ ਸੋਖਲ ਨੂਰਮਹਿਲ, ਸਤਨਾਮ ਸਿੰਘ ਰਾਮ ਪੁਰ, ਇੰਦਰਜੀਤ ਸਿੱਧਮ, ਜਤਿੰਦਰ ਰਾਮ ਪੁਰ, ਹਰਲੀਨ ਸਿੰਘ ਸੰਘਾ ਤੋਂ ਇਲਾਵਾ ਹੋਰ ਬਹੁਤ ਜ਼ਿੰਮੇਵਾਰ ਲੋਕ ਹਾਜ਼ਿਰ ਸਨ ਜਿਨ੍ਹਾਂ ਨੇ ਆਪਣੇ ਅਧਿਕਾਰਾਂ ਦਾ ਹਨਨ ਕਰਨ ਵਾਲੇ ਅਫਸਰਾਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ।