14 ਨੂੰ ਤਿੱਖਾ ਪ੍ਰਦਰਸ਼ਨ ਕਰਨ ਦਾ ਲਿਆ ਫੈਸਲਾ

(ਅਸ਼ੋਕ ਲਾਲ)

ਸ਼ਿਵ ਸੈਨਾ ਬਾਲ ਠਾਕਰੇ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਵਾਲਮੀਕਿ ਨੌਜਵਾਨ ਸਭਾ, ਨੰਬਰਦਾਰ ਯੂਨੀਅਨ, ਵਾਲਮੀਕਿ ਟਾਈਗਰ ਫੋਰਸ ਅਤੇ ਹੋਰ ਨੂਰਮਹਿਲ ਹਿਤੈਸ਼ੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਨੂਰਮਹਿਲ ਦੀਆਂ ਧਾਰਮਿਕ ਸੰਸਥਾਵਾਂ ਨਾਲ ਸਬੰਧਤ ਸੜਕਾਂ ਨੂੰ ਪੀ.ਡਬਲਯੂ.ਡੀ ਵਿਭਾਗ ਵੱਲੋਂ ਨਾ ਬਣਾਉਣ ਦੇ ਸੰਬੰਧ ਵਿੱਚ ਹੋਈ ਅਤੇ ਤਲਵਣ ਚੌਂਕ ਨੂਰਮਹਿਲ ਵਿਖੇ ਸਤਿਆ ਨਾਰਾਇਣ ਮੰਦਿਰ ਦੇ ਬਾਹਰ ਖੜਕੇ ਪੀ.ਡਬਲਯੂ.ਡੀ ਵਿਭਾਗ ਨਾਅਰੇਬਾਜ਼ੀ ਕੀਤੀ ਗਈ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਇਹ ਫੈਸਲਾ ਲਿਆ ਗਿਆ ਕਿ ਮਿਤੀ 14 ਫ਼ਰਵਰੀ ਦਿਨ ਸ਼ੁਕਰਵਾਰ ਨੂੰ ਪੀ.ਡਬਲਯੂ.ਡੀ ਵਿਭਾਗ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੀ.ਡਬਲਯੂ.ਡੀ ਵਿਭਾਗ ਦਾ ਪੁਤਲਾ ਵੀ ਫੂਕਿਆ ਜਾਵੇਗਾ। ਇਸ ਸੰਘਰਸ਼ ਦੀ ਸੂਚਨਾ ਐਕਸੀਅਨ ਪੀ.ਡਬਲਯੂ.ਡੀ ਵਿਭਾਗ ਅਤੇ ਡੀ. ਸੀ. ਜਲੰਧਰ ਨੂੰ ਸਮੂਹ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਿੱਜੀ ਤੌਰ ਤੇ ਮਿਲਕੇ ਅਤੇ ਲਿਖਤੀ ਤੌਰ ਤੇ ਵੀ ਦਿੱਤੀ ਜਾਵੇਗੀ। ਸਮੂਹ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਜਸਵਿੰਦਰ ਸਿੰਘ, ਸਾਹਿਲ ਮੈਹਨ, ਗੁਰਪ੍ਰੀਤ ਸਨਸੋਆ, ਮੁਨੀਸ਼ ਕਾਲੀ, ਸ਼ਰਨਜੀਤ ਬਿੱਲਾ, ਦਿਨਕਰ ਸੰਧੂ ਨੇ ਸਾਂਝੇ ਤੌਰ ਤੇ ਕਿਹਾ ਕਿ ਪੀ.ਡਬਲਯੂ.ਡੀ ਵਿਭਾਗ ਦੀ ਲੰਬੇ ਸਮੇਂ ਤੋਂ ਮਾੜੀ ਕਾਰਜਗੁਜਾਰੀ ਸੰਬੰਧੀ ਅਖਵਾਰਾਂ ਅਤੇ ਟੀ.ਵੀ ਦੇ ਮਾਧਿਅਮ ਰਾਹੀਂ ਬੀਤੇ ਡੇਢ ਸਾਲ ਤੋਂ ਖ਼ਬਰਾਂ ਵਾਰ ਵਾਰ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਵਿਭਾਗ ਨੇ ਨੂਰਮਹਿਲ ਦੀਆਂ ਧਾਰਮਿਕ ਅਸਥਾਨਾਂ ਨਾਲ ਸੰਬੰਧਤ ਟੁੱਟੀਆਂ-ਭੱਜੀਆਂ ਸੜਕਾਂ ਨੂੰ ਠੀਕ ਕਰਨ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ ਜਦੋਂ ਕਿਤੇ ਪ੍ਰਦਰਸ਼ਨ ਕਰਨ ਦੀ ਗੱਲ ਚਲਦੀ ਹੈ ਉਦੋਂ ਵਿਭਾਗ ਮਿੱਟੀ-ਬੱਟਾ ਚੁੱਕਕੇ ਟੋਏ ਆਦਿ ਭਰ ਜਾਂਦਾ ਹੈ ਅਤੇ ਰਾਹਗੀਰ ਹੋਰ ਖੱਜਲ-ਖੁਆਰ ਹੋ ਜਾਂਦੇ ਹਨ। ਲੋਕ ਮਿੱਟੀ ਘੱਟੇ ਕਾਰਣ ਨਿੱਤ ਨਵੀਆਂ ਬਿਮਾਰੀਆਂ ਲਗਵਾ ਰਹੇ ਹਨ, ਹੱਡੀਆਂ-ਪਸਲੀਆਂ ਨਿੱਤ ਤੁੜਵਾ ਰਹੇ ਹਨ, ਕਾਰੋਬਾਰ ਠੱਪ ਹੋ ਚੁੱਕੇ ਹਨ, ਇਤਿਹਾਸਕ ਸ਼ਹਿਰ ਨੂਰਮਹਿਲ ਇੱਕ ਟੋਇਆ-ਮਹਿਲ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ। ਆਗੂਆਂ ਨੇ ਕਿਹਾ ਕਿ ਨੂਰਮਹਿਲ-ਜਲੰਧਰ-ਤਲਵਣ ਰੋਡ ਬੀਤੇ ਡੇਢ ਸਾਲ ਤੋਂ ਵਿੱਚ ਵਿਚਾਲੇ ਹੀ ਲਟਕ ਰਹੀ ਹੈ, ਜੋ ਤਲਵਣ ਰੋਡ ਬਣੀ ਹੈ ਉਹ ਕਰੀਬ 35 ਜਗ੍ਹਾ ਤੋਂ ਟੁੱਟ ਚੁੱਕੀ ਹੈ। ਇਸ ਸੜਕ ਵਿੱਚ ਵਰਤੇ ਗਏ ਘਟੀਆ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂਕਿ ਅੱਗੇ ਤੋਂ ਕੋਈ ਘਪਲੇਬਾਜ਼ੀ ਨਾ ਹੋ ਸਕੇ। ਇਸ ਪ੍ਰਦਰਸ਼ਨ ਮੌਕੇ ਪ੍ਰਦਰਸ਼ਨਕਾਰੀਆਂ ਨੇ ਵਿਭਾਗ ਨੂੰ ਜਤਾਇਆ ਕਿ ਜੇਕਰ ਮਹਾਸ਼ਿਵਰਤਰੀ ਉਤਸਵ ਮੌਕੇ ਨਿਕਲਣ ਵਾਲੀ ਸ਼ੋਭਾ ਯਾਤਰਾ ਤੋਂ ਪਹਿਲਾਂ ਪਹਿਲਾਂ ਨੂਰਮਹਿਲ ਦੀਆਂ ਸੜਕਾਂ ਮੁਕੰਮਲ ਤੌਰ ਤੇ ਤਿਆਰ ਨਾ ਹੋਈਆਂ ਤਾਂ ਵਿਭਾਗ ਦੇ ਅਫ਼ਸਰਾਂ ਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ।

ਮਿਸ਼ਨ ਤੰਦਰੁਸਤ ਨੂਰਮਹਿਲ ਦੇ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲਿਆਂ ਵਿੱਚ ਰਿਚੀ ਤਕਿਆਰ, ਦਿਨੇਸ਼ ਗਿੱਲ, ਚੰਦਰ ਮੋਹਨ ਜੋਸ਼ੀ, ਰਵਿੰਦਰ ਸ਼ਰਮਾਂ, ਅਮਿਤ ਗੋਇਲ, ਪ੍ਰਸ਼ੋਤਮ ਲਾਲ ਗਾਬਾ, ਧਰਮ ਪਾਲ, ਸੰਤੋਖ ਸਿੰਘ ਖਿੰਡਾ, ਜੀਵਨ ਸਿੰਘ ਭੱਚੂ, ਕਪਿਲ ਸਹੋਤਾ, ਜਿਮੀ
ਅਤੇ ਹੋਰ ਕਈ ਨੂਰਮਹਿਲ ਹਿਤੈਸ਼ੀ ਸ਼ਾਮਿਲ ਸਨ।