(ਅਸ਼ੋਕ ਲਾਲ)
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਨੂਰਮਹਿਲ-ਫਿਲੌਰ-ਨਕੋਦਰ ਸੜਕ ਨੂੰ ਬਣਾਉਣ ਵਿੱਚ ਅਸਫ਼ਲ ਰਹਿਣ ਕਾਰਣ ਅੱਜ ਨੂਰਮਹਿਲ ਦੇ ਤਲਵਣ ਚੌਂਕ ਵਿੱਚ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਦੀ ਅਗਵਾਈ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਪੀ.ਡਬਲਯੂ.ਡੀ ਵਿਭਾਗ ਦਾ ਪੁਤਲਾ ਫੂਕਿਆ। ਮੌਕੇ ਤੇ ਰੋਸ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਨੂਰਮਹਿਲ-ਫਿਲੌਰ-ਨਕੋਦਰ ਸੜਕ ਨੂੰ ਵਿਸ਼ੇਸ਼ ਤੌਰ ਤੇ ਸੰਗਤਾਂ ਦੀਆਂ ਸੁੱਖ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਉਣਾ ਸੀ ਅਤੇ ਇਸ ਸੜਕ ਲਈ ਫੰਡ ਜਾਰੀ ਕਰਕੇ ਇਸ ਸੜਕ ਦਾ ਠੇਕਾ ਵੀ ਦੇ ਦਿੱਤਾ ਸੀ ਪਰ ਵਿਭਾਗ ਦੀ ਨਾਲਾਇਕੀ ਕਾਰਣ ਇਹ ਸੜਕ ਅੱਜ ਤੱਕ ਨਹੀਂ ਬਣੀ। ਸੁਲਤਾਨਪੁਰ ਲੋਧੀ ਨੂੰ ਜਾਣ ਲਈ ਇਹ ਪ੍ਰਮੁੱਖ ਸੜਕ ਹੈ। ਉਹ ਲੋਕ ਜੋ ਟਰੱਕਾਂ-ਟਰਾਲੀਆਂ-ਟੈਂਪੂਆਂ ਆਦਿ ਵਿੱਚ ਬੈਠਕੇ ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦੇ ਦਰ ਤੇ ਪਹੁੰਚੇ, ਬਹੁਤ ਖੱਜਲ ਖੁਆਰ ਹੋਏ, ਧੂੜ ਮਿੱਟੀ ਦਾ ਸ਼ਿਕਾਰ ਹੋਏ ਅਤੇ ਸੜਕ ਵਿੱਚ ਪਏ ਡੂੰਘੇ ਡੂੰਘੇ ਟੋਇਆਂ ਕਾਰਣ ਆਪਣੀ ਹੱਡੀ ਪੱਸਲੀ ਇੱਕ ਕਰ ਬੈਠੇ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਇਲਾਕੇ ਦੇ ਲੋਕ ਸੜਕ ਨਾ ਬਣਨ ਕਾਰਣ ਲੱਖਾਂ ਨਾਨਕ ਲੇਵਾ ਸੰਗਤਾਂ, ਸੰਤਾਂ-ਮਹਾਂ ਪੁਰਖਾਂ ਆਦਿ ਦੇ ਦਰਸ਼ਨ ਕਰਨ ਤੋਂ ਵੀ ਵਾਂਝੇ ਰਹਿ ਗਏ। ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਜੇਕਰ ਨੂਰਮਹਿਲ-ਫਿਲੌਰ-ਨਕੋਦਰ ਸੜਕ ਨਹੀਂ ਬਣਾਉਣੀ ਸੀ ਤਾਂ ਵਿਭਾਗ ਨੂੰ ਆਪਣੀ ਮਜਬੂਰੀ ਸਮਾਂ ਰਹਿੰਦੇ ਹੀ ਦੱਸ ਦੇਣੀ ਚਾਹੀਦੀ ਸੀ ਤਾਂਕਿ ਜਾਗਰੂਕ ਲੋਕ ਕੋਈ ਹੋਰ ਉੱਦਮ ਕਰਕੇ ਸੜਕ ਦਾ ਮਸਲਾ ਹੱਲ ਕਰਵਾ ਲੈਂਦੇ। ਵਾਲਮੀਕਿ ਨੌਜਵਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਪੀ.ਡਬਲਯੂ.ਡੀ ਵਿਭਾਗ ਨੇ ਸੜਕ ਨਾ ਬਣਾ ਕੇ ਪੂਰੇ ਇਲਾਕੇ ਦੇ ਲੋਕਾਂ ਨਾਲ ਧੋਖਾ ਕਮਾਇਆ ਹੈ, ਲੋਕ ਇਸ ਰਸਤੇ ਆਉਣ ਵਾਲੀਆਂ ਸੰਗਤਾਂ ਦਾ ਸਵਾਗਤ ਕਰਨ ਤੋਂ ਵੀ ਵਾਂਝੇ ਰਹਿ ਗਏ। ਰੋਸ ਪ੍ਰਦਰਸ਼ਨ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਜੈਬ ਸਿੰਘ ਗਰਚਾ ਯੂ. ਕੇ ਨੇ ਕਿਹਾ ਕਿ ਨੂਰਮਹਿਲ-ਜਲੰਧਰ-ਤਲਵਣ ਰੋਡ ਨੂੰ ਵੀ ਵਿਭਾਗ ਨੇ ਨਜ਼ਰਅੰਦਾਜ਼ ਕੀਤਾ ਹੋਇਆ ਹੈ ਜਦਕਿ ਰੋਡ ਮੁਕੰਮਲ ਤਿਆਰ ਹੋ ਚੁੱਕਣ ਸੰਬੰਧੀ ਤਲਵਣ ਵਿਖੇ ਸੂਚਨਾ ਬੋਰਡ ਲਗਾਇਆਂ ਨੂੰ ਵੀ ਲਗਭਗ ਤਿੰਨ-ਚਾਰ ਮਹੀਨੇ ਹੋ ਚੁੱਕੇ ਹਨ। ਵਿਭਾਗ ਨੂੰ ਦਿਨ-ਦਿਹਾੜੇ ਲੋਕਾਂ ਦੇ ਅੱਖੀਂ ਘੱਟਾ ਨਹੀਂ ਪਾਉਣਾ ਚਾਹੀਦਾ। ਲਿਹਾਜ਼ਾ ਅੱਜ ਦਾ ਪੁਤਲਾ ਫੂਕ ਪ੍ਰਦਰਸ਼ਨ ਬਿਲਕੁਲ ਜਾਇਜ਼ ਹੈ।
ਇਸ ਪੁਤਲਾ ਫੂਕ ਪ੍ਰਦਰਸ਼ਨ ਮੌਕੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਸੈਕਟਰੀ ਸ਼ਰਨਜੀਤ ਬਿੱਲਾ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਕੋਆਰਡੀਨੇਟਰ ਦਿਨਕਰ ਸੰਧੂ, ਨੰਬਰਦਾਰ ਯੂਨੀਅਨ ਤੋਂ ਨੰਬਰਦਾਰ ਕ੍ਰਮਵਾਰ ਜਗਨਨਾਥ ਚਾਹਲ, ਤਰਸੇਮ ਲਾਲ ਉੱਪਲ ਖਾਲਸਾ, ਚਰਨਜੀਤ ਸਿੰਘ ਉੱਪਲ ਭੂਪਾ, ਹਰਪਾਲ ਸਿੰਘ ਪੁਆਦੜਾ, ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਪ੍ਰਧਾਨ ਸਾਹਿਲ ਮੈਹਨ, ਮੀਤ ਪ੍ਰਧਾਨ ਗੁਰਪ੍ਰੀਤ ਸਨਸੋਆ, ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਮੁਨੀਸ਼ ਕਾਲੀ, ਸਾਥੀ ਵਿਨੇ ਗਿੱਲ, ਦਿਨੇਸ਼ ਗਿੱਲ ਨੇ ਕਿਹਾ ਕਿ ਜੇਕਰ ਜਲਦੀ ਹੀ ਸੜਕਾਂ ਦਾ ਕੰਮ ਜਲਦੀ ਮੁਕੰਮਲ ਨਾ ਕੀਤਾ ਗਿਆ ਤਾਂ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਵੱਲੋਂ ਐਲਾਨ ਕੀਤੇ ਗਏ ਅਰਥੀ ਫੂਕ ਮੁਜ਼ਾਹਰਿਆਂ ਵਿੱਚ ਵੱਧ ਚੜਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਸੀਤਾ ਰਾਮ ਸੋਖਲ, ਰਿਚੀ ਤਾਕਿਆਰ, ਸਿਧਾਰਥ ਨਈਅਰ, ਦੀਪਕ ਤਾਕਿਆਰ, ਨੰਦ ਕਿਸ਼ੋਰ ਪੀ.ਟੀ, ਸ਼ੀਸ਼ਨ ਪਾਲ ਉੱਪਲ ਜਾਗੀਰ ਅਤੇ ਹੋਰ ਪਤਵੰਤਿਆਂ ਨੇ ਪੀ.ਡਬਲਯੂ.ਡੀ ਵਿਭਾਗ ਦੀ ਜਮ ਕੇ ਨਿੰਦਾ ਕੀਤੀ ਅਤੇ ਨੰਬਰਦਾਰ ਯੂਨੀਅਨ ਵੱਲੋਂ ਮਿਸ਼ਨ ਤੰਦਰੁਸਤ ਨੂਰਮਹਿਲ ਲਈ ਕੀਤੇ ਇਸ ਉਪਰਾਲੇਂ ਦੀ ਸ਼ਲਾਘਾ ਕੀਤੀ।