(ਅਸ਼ੋਕ ਲਾਲ)

ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਨੂੰ ਯਾਦ ਕਰਨਾ ਦੇਸ਼ ਦੇ ਹਰ ਇੱਕ ਨਾਗਰਿਕ ਦਾ ਪਹਿਲਾ ਫਰਜ਼ ਹੁੰਦਾ ਹੈ। ਜਿਸ ਦੇਸ਼ ਦੇ ਲੋਕ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਭੁੱਲ ਜਾਣ ਉਹ ਦੇਸ਼ ਹਾਸ਼ੀਏ ਵਿੱਚ ਚਲੇ ਜਾਂਦੇ ਹਨ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਨੰਬਰਦਾਰ ਆਪਣੇ ਮਹਿਬੂਬ ਸ਼ਹੀਦਾਂ ਨੂੰ ਯਾਦ ਕਰਨ ਵਿੱਚ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਸਮੇਂ ਸਮੇਂ ਤੇ ਉਹਨਾਂ ਦੇ ਪਵਿੱਤਰ ਦਿਹਾੜੇ ਮਨਾਉਂਦੇ ਰਹਿੰਦੇ ਹਨ। ਅੱਜ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਸ਼ਹੀਦ-ਏ-ਆਜ਼ਮ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ। ਸਮੂਹ ਨੰਬਰਦਾਰ ਸਾਹਿਬਾਨਾਂ ਨੇ ਇੱਕ ਦੂਜੇ ਨੰਬਰਦਾਰ ਅਤੇ ਹੋਰਾਂ ਦੇਸ਼ ਪ੍ਰੇਮੀਆਂ ਨੂੰ ਸਨੇਹਿਲ ਵਧਾਈ ਦਿੱਤੀ। ਪਾਵਣ ਜੋਤ ਜਗਾਕੇ ਸ਼ਰਧਾ ਸੁਮਨ ਅਰਪਣ ਕੀਤੇ ਗਏ ਅਤੇ ਲੱਡੂ ਵੰਡ ਕੇ ਜਨਮ ਦਿਨ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਨੇ ਜਿਸ ਲੁੱਟ-ਕੁੱਟ ਅਤੇ ਬੇਇਨਸਾਫ਼ੀ ਦੇ ਖਿਲਾਫ਼ ਹੋ ਕੇ ਗੋਰੇ ਅੰਗਰੇਜ਼ਾਂ ਨੂੰ ਕੁਰਬਾਨੀਆਂ ਦੇ ਕੇ ਦੇਸ਼ ਵਿਚੋਂ ਬਾਹਰ ਕੱਢਿਆ ਅੱਜ ਕਾਲੇ ਅੰਗਰੇਜ਼ਾਂ ਨੇ ਗੋਰੇ ਅੰਗਰੇਜਾਂ ਤੋਂ ਵੱਧ ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਬੇਇਨਸਾਫ਼ੀਆਂ ਅਤੇ ਲੁੱਟ-ਕੁੱਟ ਦੇ ਕਹਿਰ ਕਰਨੇ ਲਗਾਤਾਰ ਜਾਰੀ ਰੱਖੇ ਹੋਏ ਹਨ। ਲੋਕ ਆਪਣਾ ਸਵੈਮਾਣ ਗਵਾ ਚੁੱਕੇ ਹਨ। ਭ੍ਰਿਸ਼ਟਾਚਾਰ, ਅਰਾਜਕਤਾ, ਮਹਿੰਗਾਈ ਸਿਖਰਾਂ ਤੇ ਪਹੁੰਚ ਚੁੱਕੀ ਹੈ। ਨੌਜਵਾਨ ਪੀੜੀ ਵਿਦੇਸ਼ ਦੌੜ ਰਹੀ ਹੈ ਜੋ ਨੌਜਵਾਨੀ ਬਚੀ ਹੋਈ ਹੈ ਉਹ ਨਸ਼ੇ ਅਤੇ ਏਡਜ਼ ਦੀ ਦਲ ਦਲ ਵਿੱਚ ਫੱਸ ਚੁੱਕੀ ਹੈ। ਅਫ਼ਸਰ ਅਤੇ ਰਾਜਨੀਤਕ ਲੀਡਰ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਕਰ ਰਹੇ ਸਗੋਂ ਨਿੱਜੀ ਸੁਪਨੇ ਸਾਕਾਰ ਕਰਨ ਵਿੱਚ ਰੁੱਝੇ ਹੋਏ ਹਨ। ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਅੱਜ ਸਮੇਂ ਦੀ ਜਰੂਰਤ ਹੈ ਕਿ ਸਰਕਾਰੀ ਅਤੇ ਰਾਜਨੀਤਕ ਕੁਰਸੀਆਂ ਉੱਪਰ ਇਮਾਨਦਾਰ ਲੋਕ ਹੀ ਬੈਠਣ ਅਤੇ ਕਾਲੇ ਅੰਗਰੇਜਾਂ ਖਿਲਾਫ਼ ਸੰਘਰਸ਼ ਵਿੱਢਿਆ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਜਿਵੇਂ ਨੌਜਵਾਨ ਪੀੜ੍ਹੀ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹਨ ਉਸੇ ਤਰਾਂ ਉਹਨਾਂ ਦੇ ਪਰਿਵਾਰ ਵਾਲੇ ਵੀ ਆਪਣਾ ਦੇਸ਼ ਛੱਡ ਕੇ ਵਿਦੇਸ਼ ਜਾਣ ਲਈ ਬੇਬੱਸ ਹੋ ਜਾਣਗੇ। ਰਾਜਨੀਤਕ ਅਕਾਵਾਂ ਅਤੇ ਅਫਸਰਸ਼ਾਹੀ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਅਨੁਸਾਰ ਚੱਲਣਾ ਹੀ ਹੱਲ ਹੈ ਤਾਂ ਹੀ ਲੋਕ ਸਵੈਮਾਣ ਨਾਲ ਆਪਣਾ ਜੀਵਨ ਬਤੀਤ ਕਰ ਸਕਦੇ ਹਨ। ਸਮੂਹ ਨੰਬਰਦਾਰ ਸਾਹਿਬਾਨਾਂ ਨੇ ਪ੍ਰਣ ਕਰਦਿਆਂ ਕਿਹਾ ਕਿ ਅਸੀਂ ਹਰ ਹੀਲੇ ਵਸੀਲੇ ਸ਼ਹੀਦਾਂ ਦੇ ਸੁਪਨੇ ਸੰਪੂਰਣ ਕਰਨ ਲਈ ਵਚਨਬੱਧ ਹਾਂ। ਇਸ ਮੌਕੇ ਨੰਬਰਦਾਰ ਬਹਾਦਰ ਸਿੰਘ ਸ਼ਾਦੀਪੁਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡੀ ਸਭ ਦੀ ਇਹ ਨੈਤਿਕ ਜਿੰਮੇਵਾਰੀ ਹੈ ਕਿ ਨੰਬਰਦਾਰ ਯੂਨੀਅਨ ਵੱਲੋਂ ਉਠਾਏ ਗਏ ਲੋਕ ਭਲਾਈ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਈਏ ਅਤੇ ਨੰਬਰਦਾਰ ਯੂਨੀਅਨ ਨੂੰ ਹੋਰ ਮਜ਼ਬੂਤ ਕਰੀਏ।
ਇਸ ਮੌਕੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਵਾਲਮੀਕਿ ਟਾਈਗਰ ਫੋਰਸ ਦੇ ਮੈਂਬਰ ਸਾਹਿਬਾਨਾਂ ਨੇ ਵੀ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਸ਼ਰਧਾ ਭਾਵ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਇਸ ਜਨਮ ਦਿਹਾੜੇ ਮੌਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਸੈਕਟਰੀ ਜਗਦੀਸ਼ ਸਿੰਘ ਗੋਰਸੀਆਂ ਪੀਰਾਂ, ਪੀ.ਆਰ.ਓ ਜਗਨਨਾਥ ਚਾਹਲ, ਸਲਾਹਕਾਰ ਬਹਾਦਰ ਸਿੰਘ ਸ਼ਾਦੀਪੁਰ, ਰਮੇਸ਼ ਦਾਦਰਾ ਬੁਰਜ ਹਸਨ, ਜਰਨੈਲ ਸਿੰਘ ਗ਼ਦਰਾ, ਸਤਨਾਮ ਸਿੰਘ ਸਰਪੰਚ ਹਰਦੋਸੰਘਾ, ਨੰਬਰਦਾਰ ਤਰਸੇਮ ਲਾਲ ਉੱਪਲ ਖਾਲਸਾ, ਮੁਖਤਿਆਰ ਸਿੰਘ ਸ਼ੇਰਪੁਰ, ਨੰਬਰਦਾਰ ਕਸ਼ਮੀਰ ਸਿੰਘ ਬੀਰ ਪਿੰਡ, ਕਸ਼ਮੀਰੀ ਲਾਲ ਤਲਵਣ, ਸੀਤਾ ਰਾਮ ਸੋਖਲ ਨੂਰਮਹਿਲ, ਹਰਬੰਸ ਸਿੰਘ ਬੁਰਜ ਹਸਨ, ਰਮੇਸ਼ ਲਾਲ ਤਲਵਣ, ਰਿਕੀ ਭੱਟੀ ਨੂਰਮਹਿਲ, ਜਰਨੈਲ ਸਿੰਘ ਬੁਰਜ ਹਸਨ, ਅਰੁਣ ਭੱਟੀ ਨੂਰਮਹਿਲ, ਬਲਜੀਤ ਸਿੰਘ ਬੁਰਜ ਹਸਨ, ਮਾਸਟਰ ਓਮ ਪ੍ਰਕਾਸ਼ ਨੂਰਮਹਿਲ, ਹਰਪਾਲ ਸਿੰਘ ਪੁਆਦੜਾ, ਮਾਸਟਰ ਸੁਭਾਸ਼ ਢੰਡ ਨੂਰਮਹਿਲ, ਜਗਦੀਪ ਸਿੰਘ ਜੌਹਲ ਜੰਡਿਆਲਾ, ਚਰਨਜੀਤ ਸਿੰਘ ਉੱਪਲ ਭੂਪਾ, ਸ਼ਰਨਜੀਤ ਸਿੰਘ ਨੂਰਮਹਿਲ, ਰਮੇਸ਼ ਪਾਲ ਸ਼ੇਰਪੁਰ, ਦਿਨਕਰ ਸੰਧੂ ਨੂਰਮਹਿਲ, ਸੋਹਣ ਸਿੰਘ ਨਾਹਲ ਕੋਟ ਬਾਦਲ ਖਾਂ, ਦਲਜੀਤ ਸਿੰਘ ਭੱਲੋਵਾਲ, ਤਰਸੇਮ ਸਿੰਘ ਨਾਹਲ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ ਪ੍ਰੇਮੀ ਹਾਜ਼ਿਰ ਹੋਏ ਜਿਨ੍ਹਾਂ ਨੇ ਦੇਸ਼ ਭਗਤੀ ਦੇ ਨਾਅਰੇ ਲਗਾਕੇ ਵਾਤਾਵਰਣ ਨੂੰ ਦੇਸ਼ ਭਗਤੀ ਨਾਲ ਸੁਗੰਧਿਤ ਕਰ ਦਿੱਤਾ।