(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ

ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਵਿੱਚ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦੀ ਹੋ ਰਹੀ ਲੁੱਟ-ਖਸੁੱਟ ਰੋਕਣ ਲਈ ਭਾਵੇਂ ਯਤਨ ਕੀਤੇ ਜਾ ਰਹੇ ਹਨ, ਪਰ ਇਸੇ ਦੇ ਬਾਵਜੂਦ ਨਿੱਜੀ ਸਕੂਲ ਪ੍ਰਬੰਧਕ ਹਰ ਸਾਲ ਬੱਚਿਆਂ ਦੇ ਮਾਪਿਆਂ ਪਾਸੋਂ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਪੈਸੇ ਬਟੋਰਨ ਦਾ ਕੋਈ ਨਾ ਕੋਈ ਢੰਗ ਤਰੀਕਾ ਲੱਭ ਹੀ ਲੈਂਦੇ ਹਨ। ਸਬ ਡਵੀਜ਼ਨ ਸ਼ਾਹਕੋਟ ’ਚ ਕੁੱਝ ਅਜਿਹੇ ਸਕੂਲ ਸਾਹਮਣੇ ਆ ਰਹੇ ਹਨ, ਜੋ ਦਾਖਲੇ ਦੌਰਾਨ ਬਿਨਾਂ ਕਿਸੇ ਡਰ ਦੇ ਬੱਚਿਆਂ ਨੂੰ ਮਹਿੰਗੀਆਂ ਕਿਤਾਬਾਂ, ਵਰਦੀਆਂ ਆਦਿ ਸਮਾਨ ਮੁਹਾਈਆਂ ਕਰਵਾਕੇ ਲੁੱਟ ਦਾ ਕੇਂਦਰ ਬਣੇ ਹੋਏ ਹਨ। ਇਲਾਕੇ ਦੇ ਸਾਹਬੀ ਦਾਸੀਕੇ ਸਾਬਕਾ ਪ੍ਰਧਾਨ ਬਾਜੀਗਰ ਸਭਾ ਸ਼ਾਹਕੋਟ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਲੋਕਾਂ ਦੀਆਂ ਮੁੱਖ ਲੋੜਾਂ ਹਨ, ਜਿਸ ਤੋਂ ਬਿਨਾ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਜਿਥੇ ਪਹਿਲਾ ਸਿਹਤ ਸਹੂਲਤਾਂ ਨੇ ਆਮ ਲੋਕਾਂ ਦੇ ਵੱਟ ਕੱਢ ਦਿੱਤੇ ਹਨ, ਉਥੇ ਹੀ ਹੁਣ ਸਿੱਖਿਆ ਦੇ ਖੇਤਰ ਨੂੰ ਵੀ ਨਿੱਜੀ ਸਕੂਲ ਪ੍ਰਬੰਧਕ ਨੇ ਨਿਸ਼ਾਨਾਂ ਬਣਾਇਆ ਹੈ। ਉਨਾਂ ਦੱਸਿਆ ਕਿ ਸ਼ਾਹਕੋਟ ਸ਼ਹਿਰ ਦੇ ਕੁੱਝ ਨਾਮੀ ਸਕੂਲ ਬੱਚਿਆਂ ਪਾਸੋਂ ਦਾਖਲੇ ਸਮੇਂ ਕਿਤਾਬਾਂ, ਵਰਦੀਆਂ ਆਦਿ ਸਮਾਨ ਮੁਹਾਈਆਂ ਕਰਵਾਉਣ ਦੇ ਮੋਟੇ ਪੈਸੇ ਵਸੂਲ ਰਹੇ ਹਨ। ਉਨਾਂ ਦੱਸਿਆ ਕਿ ਬੱਚਿਆਂ ਦੀਆਂ ਕਿਤਾਬਾਂ ਹੀ ਬੱਚੇ ਦੇ ਭਾਰ ਨਾਲ ਦੁੱਗਣੇ ਭਾਰ ਦੀਆਂ ਹਨ, ਜਿਸ ਕਾਰਨ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਨਹੀਂ ਹੋ ਰਿਹਾ। ਹੋਰ ਤਾਂ ਹੋਰ ਨਰਸਰੀ ਜਮਾਤ ਦੀਆਂ ਕਿਤਾਬਾਂ ਦੀ ਕੀਮਤ ਹੀ ਲਗਭਗ 5 ਹਜ਼ਾਰ ਰੁਪਏ ਦੇ ਕਰੀਬ ਹੈ, ਜਿਸ ਤੋਂ ਸਾਫ਼ ਸਿੱਧ ਹੋ ਰਿਹਾ ਹੈ ਕਿ ਜੇਕਰ ਨਰਸਰੀ ਜਮਾਤ ਦੀਆਂ 10 ਕਿਤਾਬਾਂ ਵੀ ਹੋਣ ਤਾਂ ਇੱਕ ਕਿਤਾਬ ਦੀ ਕੀਮਤ 5 ਸੌ ਰੁਪਏ ਦੇ ਕਰੀਬ ਹੈ। ਉਨਾਂ ਦੱਸਿਆ ਕਿ ਇਸ ਲੁੱਟ ਨਾਲ ਸਕੂਲ ਪ੍ਰਬੰਧਕ ਅਤੇ ਪਬਲਿਸ਼ਰ ਮਾਲੋ-ਮਾਲ ਹੋ ਰਹੇ ਹਨ, ਪਰ ਇਸ ਦਾ ਬੋਝ ਮਾਪਿਆ ਤੇ ਪੈ ਰਿਹਾ ਹੈ। ਜਦਕਿ ਕਿਤਾਬਾਂ ਦੇ ਪਬਲਿਸ਼ਰਾਂ ਵੱਲੋਂ ਕਿਤਾਬਾਂ ਤੇ 50 ਤੋਂ 60 ਫੀਸਦੀ ਛੋਟ ਵੀ ਦਿੱਤੀ ਜਾ ਰਹੀ ਹੈ, ਪਰ ਸਕੂਲ ਪ੍ਰਬੰਧਕ ਕਿਤਾਬ ਦੇ ਲੱਗੇ ਰੇਟ ਦੇ ਹਿਸਾਬ ਨਾਲ ਮਾਪਿਆ ਪਾਸੋਂ ਪੈਸੇ ਵਸੂਲ ਰਹੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਨਿੱਜੀ ਸਕੂਲਾਂ ਦੀਆਂ ਕਿਤਾਬਾਂ ਬਜ਼ਾਰ ਵਿੱਚ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਬੱਚਾ ਉਸ ਨਾਲ ਮਿਲਦੀ-ਜੁਲਦੀ ਕਿਤਾਬ ਖ੍ਰੀਦਦਾ ਹੈ ਤਾਂ ਉਸ ਨੂੰ ਕਿਤਾਬਾਂ ਸਕੂਲ ਵਿੱਚ ਲਿਆਉਣ ਦੀ ਇਜਾਜਤ ਵੀ ਨਹੀਂ ਦਿੱਤੀ ਜਾਂਦੀ। ਉਨਾਂ ਦੱਸਿਆ ਕਿ ਜੇਕਰ ਕੋਈ ਇਸ ਪ੍ਰਤੀ ਅਵਾਜ਼ ਉਠਾਉਂਦਾ ਹੈ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨਾਲ ਕੀੜ ਕੱਢੀ ਜਾਂਦੀ ਹੈ, ਜਿਸ ਕਾਰਨ ਬੱਚੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਰਹੇ ਹਨ। ਉਨਾਂ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਪੰਜਾਬ ਪਾਸੋਂ ਮੰਗ ਕੀਤੀ ਕਿ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆ ਹੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ ਤੇ ਜੋ ਸਕੂਲ ਪ੍ਰਬੰਧਕ ਲੁੱਟ-ਖਸੁੱਟ ਕਰ ਰਹੇ ਹਨ, ਉਨਾਂ ਖਿਲਾਫ਼ ਸਖ਼ਤ ਐਕਸ਼ਨ ਲੈਂਦਿਆ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।