ਨਿਰਭਿਆ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਚਾਰਾਂ ਦੋਸ਼ੀਆਂ ਨੰ ਹੁਣ 3 ਮਾਰਚ ਨੂੰ ਸਵੇਰੇ 6.00 ਵਜੇ ਫਾਂਸੀ ਦਿੱਤੀ ਜਾਵੇਗੀ। ਇਹ ਐਲਾਨ ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੀਤਾ।
ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸ਼ੀਆਂ ਦੇ ਖਿਲਾਫ ਤਾਜ਼ਾ ਡੈਥ ਵਾਰੰਟ ਜਾਰੀ ਕੀਤੇ ਹਨ। ਇਹ ਵਾਰੰਟ ਸਰਕਾਰ ਤੇ ਨਿਰਭਿਆ ਦੇ ਮਾਪਿਆਂ ਵੱਲੋਂ ਦਾਇਰ ਤਾਜ਼ਾ ਪਟੀਸ਼ਨ ‘ਤੇ ਜਾਰੀ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ 5 ਫਰਵਰੀ ਨੂੰ ਚਾਰਾਂ ਦੋਸ਼ੀਆਂ ਨੂੰ ਉਹਨਾਂ ਲਈ ਉਪਲਬਧ ਸਾਰੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਵਾਸਤੇ ਇਕ ਹਫਤੇ ਦਾ ਸਮਾਂ ਦਿੱਤਾ ਸੀ ਅਤੇ ਕਿਹਾ ਸੀ ਕਿ ਦੋਸ਼ੀਆਂ ਨੂੰ ਵੱਖੋ ਵੱਖ ਫਾਂਸੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਸਾਰੇ ਇਕ ਹੀ ਅਪਰਾਧ ਦੇ ਦੋਸ਼ੀ ਹਨ।
ਦਿੱਲੀ ਦੀ ਅਦਾਲਤ ਨੇ ਚਾਰਾਂ ਦੋਸ਼ੀਆਂ ਵਿਨੇ ਸ਼ਰਮਾ, ਅਕੈਸ਼ ਠਾਕੁਰ, ਪਵਨ ਗੁਪਤਾ ਤੇ ਮੁਕੇਸ਼ ਦੇ 7 ਜਨਵਰੀ ਨੂੰ ਡੈਥ ਵਾਰੰਟ ਜਾਰੀ ਕੀਤੇ ਸਨ ਤੇ ਇਹਨਾਂ ਨੂੰ 22 ਜਨਵਰੀ ਨੂੰ ਫਾਂਸੀ ਹੋਣੀ ਸੀ ਪਰ ਬਾਅਦ ਵਿਚ ਦਿੱਲੀ ਦੀ ਅਦਾਲਤ ਨੇ ਇਹ ਫਾਂਸੀ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ।