* ਸਾਉਦੀ ਅਰਬ ‘ਚ ਵਾਪਰੇ ਹਾਦਸੇ ‘ਚ ਹੋਈ ਸੀ ਉਂਕਾਰ ਸਿੰਘ ਦੀ ਮੌਤ

ਫਗਵਾੜਾ (ਡਾ ਰਮਨ)

ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਨੇ ਅੱਜ ਏ.ਡੀ.ਸੀ. ਫਗਵਾੜਾ ਸ੍ਰੀ ਰਾਜੀਵ ਵਰਮਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਪੱਤਰ ਦਿੱਤਾ ਜਿਸ ਵਿਚ ਨੇੜਲੇ ਪਿੰਡ ਨਸੀਰਾਬਾਦ ਦੇ ਇਕ ਗਰੀਬ ਪਰਿਵਾਰ ਜਿਹਨਾਂ ਦਾ ਨੌਜਵਾਨ ਲੜਕਾ ਪਿਛਲੇ ਸਾਲ ਸਾਉਦੀ ਅਰਬ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਨੂੰ ਮੁਆਵਜਾ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸਾਬਕਾ ਮੰਤਰੀ ਮਾਨ ਨੇ ਦੱਸਿਆ ਕਿ ਨਸੀਰਾਬਾਦ ਦੇ ਵਸਨੀਕ ਸੁਰਿੰਦਰ ਸਿੰਘ ਦਾ ਨੌਜਵਾਨ ਲੜਕਾ ਉਂਕਾਰ ਸਿੰਘ ਕਰੀਬ ਇਕ ਸਾਲ ਪਹਿਲਾਂ ਜੁਲਾਈ 2019 ਵਿਚ ਸਾਉਦੀ ਅਰਬ ਮਿਹਨਤ ਮਜਦੂਰੀ ਕਰਨ ਲਈ ਗਿਆ ਸੀ ਅਤੇ ਨਵੰਬਰ ਵਿਚ ਉਸਦਾ ਐਕਸੀਡੈਂਟ ਹੋ ਗਿਆ ਸੀ। ਜਿਸ ਤੋਂ ਬਾਅਦ ਦੋਰਾਨੇ ਇਲਾਜ 19 ਨਵੰਬਰ ਨੂੰ ਉਸਦੀ ਮੌਤ ਹੋ ਗਈ ਸੀ। ਮ੍ਰਿਤਕ ਆਪਣੇ ਮਾਤਾ-ਪਿਤਾ ਦਾ ਇਕਲੌਤਾ ਲੜਕਾ ਸੀ ਅਤੇ ਉਸਦੀ ਮੌਤ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ। ਪਰਿਵਾਰ ਵਿਚ ਮਾਤਾ-ਪਿਤਾ ਤੋਂ ਇਲਾਵਾ ਮ੍ਰਿਤਕ ਦੀ ਇਕ ਭੈਣ ਹੈ। ਆਮਦਨ ਦਾ ਕੋਈ ਸਾਧਨ ਨਹੀਂ ਹੈ। ਅਣਹੋਨੀ ਨੇ ਇਸ ਪਰਿਵਾਰ ਤੋਂ ਬੁਢਾਪੇ ਦਾ ਸਹਾਰਾ ਵੀ ਖੋਹ ਲਿਆ ਹੈ ਇਸ ਲਈ ਉਹਨਾਂ ਇਨਸਾਨੀਅਤ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪਰਿਵਾਰ ਦੀ ਆਰਥਕ ਮੱਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਭਰੋਸਾ ਜਤਾਇਆ ਕਿ ਪੰਜਾਬ ਸਰਕਾਰ ਵਲੋਂ ਜਲਦੀ ਹੀ ਪਰਿਵਾਰ ਨੂੰ ਆਰਥਕ ਰਾਹਤ ਪ੍ਰਧਾਨ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਕ੍ਰਿਸ਼ਨ ਕੁਮਾਰ ਹੀਰੋ ਆਦਿ ਤੋਂ ਇਲਾਵਾ ਮ੍ਰਿਤਕ ਉਂਕਾਰ ਸਿੰਘ ਦੇ ਪਰਿਵਾਰਕ ਮੈਂਬਰ ਮੋਜੂਦ ਸਨ।