(ਸਾਹਬੀ ਦਾਸੀਕੇ)
ਸ਼ਾਹਕੋਟ, ਮਲਸੀਆਂ,ਕੋਰੋਨਾ ਵਾਇਰਸ ਦੇ ਚੱਲਦਿਆ ਪੰਜਾਬ ਵਿੱਚ ਕਰਫਿ਼ਊ ਲਗਾਇਆ ਗਿਆ ਹੈ ਅਤੇ ਲੋਕਾਂ ਦੀ ਸਹੂਲਤ ਲਈ ਪ੍ਰਸਾਸ਼ਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ’ਚ ਪੰਚਾਇਤਾਂ ਅਤੇ ਸ਼ਹਿਰਾਂ ਦੇ ਕੌਸ਼ਲਰਾਂ ਵੱਲੋਂ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਲੋਕ ਝੂਠੇ ਫੋਨ ਕਰਕੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਗੁੰਮਰਾਹ ਕਰ ਰਹੇ ਹਨ। ਇਸੇ ਤਰਾਂ ਦਾ ਮਾਮਲਾ ਸ਼ਾਹਕੋਟ ਦੇ ਪਿੰਡ ਨਵਾਂ ਕਿਲਾ ਦਾ ਸਾਹਮਣੇ ਆਇਆ, ਜਿਥੇ ਪਿੰਡ ਵਾਸੀਆਂ ਵੱਲੋਂ ਰਾਸ਼ਨ ਮੁਹਾਈਆ ਕਰਵਾਉਣ ਦੇ ਬਾਵਜੂਦ ਇੱਕ ਬਜ਼ੁਰਗ ਔਰਤ ਨੇ ਪਿੰਡ ਦੇ ਕਿਸੇ ਨੌਜਵਾਨ ਦੇ ਕਹਿਣ ਤੇ ਸੀ.ਐੱਮ. ਦਫ਼ਤਰ ਫੋਨ ਕਰ ਦਿੱਤਾ ਕਿ ਉਸ ਨੂੰ ਕਿਸੇ ਨੇ ਰਾਸ਼ਨ ਨਹੀਂ ਦਿੱਤਾ, ਜਿਸ ਕਾਰਨ ਉਸ ਪਾਸ ਖਾਣ ਲਈ ਕੁੱਝ ਨਹੀਂ ਹੈ। ਇਹ ਸੂਚਨਾ ਜਦ ਐਸ.ਡੀ.ਐੱਮ. ਦਫ਼ਤਰ ਵਿਖੇ ਸਿ਼ਕਾਇਤ ਸੈੱਲ ਪਾਸ ਪਹੁੰਚੀ ਤਾਂ ਡਾ. ਸੰਜੀਵ ਸ਼ਰਮਾਂ ਐਸ.ਡੀ.ਐੱਮ. ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਰਾਮ ਪ੍ਰਕਾਸ਼ ਪੰਚਾਇਤ ਅਫ਼ਸਰ ਸ਼ਾਹਕੋਟ ਸਮੇਤ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਅਤੇ ਮੀਡੀਆ ਟੀਮ ਨੂੰ ਨਾਲ ਲੈ ਕੇ ਪਿੰਡ ਨਵਾਂ ਕਿਲਾ ਵਿਖੇ ਬਜ਼ੁਰਗ ਔਰਤ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਵਿੱਚ ਸਾਰਾ ਰਾਸ਼ਨ ਪਿਆ ਸੀ। ਇਸ ਸਬੰਧੀ ਜਦ ਬਜ਼ੁਰਗ ਔਰਤ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦਾ ਇੱਕ ਹੋਰ ਘਰ ਵੀ ਹੈ, ਜਿਥੇ ਉਸ ਨੂੰ ਰਾਸ਼ਨ ਨਹੀਂ ਮਿਲਿਆ ਅਤੇ ਉਸ ਨੂੰ ਪਿੰਡ ਦੇ ਨੌਜਵਾਨ ਨੇ ਫੋਨ ਕਰਨ ਦਾ ਕਿਹਾ ਸੀ। ਬਜ਼ੁਰਗ ਔਰਤ ਦੀ ਨੁੰਹ ਨੇ ਕਿਹਾ ਕਿ ਪੰਚਾਇਤ ਵੱਲੋਂ ਉਨਾਂ ਦੀ ਪੁਰੀ ਮਦਦ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬਜ਼ੁਰਗ ਔਰਤ ਦਾ ਇੱਕ ਲੜਕਾ ਵਿਦੇਸ਼ ਵਿੱਚ ਹੈ ਅਤੇ ਉਸ ਨੇ ਕਿਸੇ ਦੇ ਕਹੇ ਤੇ ਸੀ.ਐੱਮ. ਦਫ਼ਤਰ ਝੂਠਾ ਫੋਨ ਕੀਤਾ ਹੈ। ਜਾਂਚ ਅਧਿਕਾਰੀ ਰਾਮ ਪ੍ਰਕਾਸ਼ ਨੇ ਕਿਹਾ ਕਿ ਇਸ ਦੀ ਸੂਚਨਾ ਉੱਚ ਅਧਿਕਾਰੀ ਨੂੰ ਦੇ ਦਿੱਤੀ ਜਾਵੇਗੀ ਅਤੇ ਉਨਾਂ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਈ ਕੀਤੀ ਜਾਵੇਗੀ।