(ਅਸ਼ੋਕ ਲਾਲ)

ਜਲੰਧਰੀ ਗੇਟ ਨੂਰਮਹਿਲ ਅਤੇ ਆਸ ਪਾਸ ਦੇ ਲੋਕਾਂ ਦਾ ਜਨ ਸਮੂਹ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਦੀ ਅਗਵਾਈ ਵਿੱਚ ਇਕੱਠਾ ਹੋਇਆ। ਜਿਨ੍ਹਾਂ ਨੇ ਨਗਰ ਕੌਂਸਲ ਅਤੇ ਨਗਰ ਕੌਂਸਲ ਪ੍ਰਧਾਨ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਲੋਕਾਂ ਨੇ ਆਪਣੇ ਹੱਥਾਂ ਵਿੱਚ ਤਖਤੀਆਂ ਫੜ੍ਹਕੇ ਮੰਗ ਕੀਤੀ ਕਿ “ਨਗਰ ਕੌਂਸਲ ਪ੍ਰਧਾਨ ਜੀ ਜਾਂ ਸੜਕ ਬਣਾ ਦਿਓ ਜਾਂ ਫਿਰ ਅਸਤੀਫਾ ਦੇ ਦਿਓ”। ਗੌਰ ਤਲਬ ਹੈ ਕਿ ਨੂਰਮਹਿਲ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਵਾਲੀ ਸੜਕ ਮੁਹੱਲਾ ਜਲੰਧਰੀ ਗੇਟ ਨਾਲ ਸੰਬੰਧਤ ਹੈ। ਲੋਕ ਅਤੇ ਸਕੂਲੀ ਬੱਚੇ ਲਗਭਗ ਬੀਤੇ ਤਿੰਨ ਸਾਲ ਤੋਂ ਪ੍ਰੇਸ਼ਾਨ ਹਨ। ਰੋਜ਼ਾਨਾ ਟੋਇਆਂ-ਟਿੱਬਿਆ ਕਰਕੇ ਹਾਦਸੇ ਹੁੰਦੇ ਹਨ ਅਤੇ ਲੋਕ ਆਪਣੀਆਂ ਹੱਡੀਆਂ ਪਸਲੀਆਂ ਤੁੜਵਾ ਰਹੇ ਹਨ। ਇੱਥੋਂ ਤੱਕ ਕਿ ਨੂਰਮਹਿਲ ਦਾ ਇੱਕ ਕੌਂਸਲਰ ਵੀ ਆਪਣੀ ਹੱਡੀ ਤੁੜਵਾ ਚੁੱਕਾ ਹੈ। ਇਸ ਸੜਕ ਸੰਬੰਧੀ ਕਈ ਵਾਰ ਅਖਵਾਰਾਂ ਅਤੇ ਟੀ.ਵੀ ਰਾਹੀਂ ਵਿਸ਼ੇਸ਼ ਕਵਰੇਜ਼ ਹੋ ਚੁੱਕੀ ਹੈ ਪਰ ਨਗਰ ਕੌਂਸਲ ਕੁੰਭਕਰਨ ਬਣੀ ਬੈਠੀ ਹੈ ਅਤੇ ਨਿੱਤ ਤਮਾਸ਼ਾ ਦੇਖ ਰਹੀ ਹੈ। ਆਖ਼ਿਰ ਸਤੇ ਹੋਏ ਲੋਕਾਂ ਨੇ ਵੱਖ-ਵੱਖ ਸਲੋਗਨ ਲਿਖਕੇ ਮੰਗ ਕੀਤੀ ਕਿ “ਪ੍ਰਧਾਨ ਜੀ ਲੋਕਾਂ ਦੀਆਂ ਅਤੇ ਸਕੂਲੀ ਬੱਚਿਆਂ ਦੀਆਂ ਬਦ-ਅਸੀਸਾਂ ਨਾ ਲਵੋ ਸੜਕ ਬਣਾ ਦਿਓ”।

ਇਸ ਮੌਕੇ ਨੰਬਰਦਾਰ ਅਸ਼ੋਕ ਸੰਧੂ ਨੇ ਕਿਹਾ ਕਿ ਇਸ ਸੜਕ ਦੀ ਤਿੰਨ ਵਾਰ ਰਿਪੇਅਰ ਹੋ ਚੁੱਕੀ ਹੈ ਅਤੇ ਇਹ ਸੀਮੈਂਟਡ ਸਲੈਬ ਵਾਲੀ ਸੜਕ ਬਣਦੇ ਸਾਰ ਹੀ ਟੁੱਟ ਜਾਂਦੀ ਹੈ ਜੋ ਕਿ ਸਾਬਿਤ ਕਰਦੀ ਹੈ ਕਿ ਹਰ ਵਾਰ ਘਪਲੇਬਾਜ਼ੀ ਹੀ ਹੁੰਦੀ ਹੈ, ਹੁਣ ਤਿੰਨ ਸਾਲ ਤੋਂ ਲੋਕ ਟੋਇਆ-ਟਿੱਬਿਆ ਵਾਲੀ ਸੜਕ ਬਣਨ ਦੀ ਉਡੀਕ ਕਰ ਰਹੇ ਹਨ ਪਰ ਨਗਰ ਕੌਂਸਲ ਨੂੰ ਲੋਕਾਂ ਦੀ ਜਾਨ ਮਾਲ ਦੀ ਕੋਈ ਪ੍ਰਵਾਹ ਨਹੀਂ।

ਇਸ ਪ੍ਰਦਰਸ਼ਨ ਮੌਕੇ ਲਾਇਨ ਬਬਿਤਾ ਸੰਧੂ, ਕਮਲੇਸ਼ ਕੌਰ, ਬਲਬੀਰ ਕੌਰ, ਹੈਪੀ ਨਾਹਰ, ਗੁਲਾਬ ਖਾਨ, ਕਮਲ ਕੁੰਦੀ, ਮੰਗਾ ਟੇਲਰ, ਦਵਿੰਦਰ ਢੀਂਗਰਾ, ਪਵਨ ਟੇਲਰ, ਦਿਨਕਰ ਸੰਧੂ, ਸਾਹਿਲ ਕੋਹਲੀ, ਇਮਰਾਨ ਅਤੇ ਪੂਰਨ ਤੋਂ ਇਲਾਵਾ ਹੋਰ ਮੁਹੱਲੇ ਦੀਆਂ ਔਰਤਾਂ ਅਤੇ ਮਰਦ ਹਾਜ਼ਿਰ ਸਨ ਜਿਨ੍ਹਾਂ ਨੇ ਨਗਰ ਕੌਂਸਲ ਵੱਲੋਂ ਜਲਦ ਕਾਰਵਾਈ ਨਾ ਕਰਨ ਤੇ ਤਿੱਖੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।