ਨੂਰਮਹਿਲ 10 ਅਪ੍ਰੈਲ ( ਨਰਿੰਦਰ ਭੰਡਾਲ ) ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਇਸ ਦੀ ਰੋਕਥਾਮ ਕਰਨ ਲਈ ਪੰਜਾਬ ਪੁਲਿਸ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਹਰ ਹੀਲਾ ਵਸੀਲਾ ਵਰਤ ਰਿਹਾ ਹੈ। ਉਹਨਾਂ ਵਲੋਂ ਲੋਕਾਂ ਨੂੰ ਵਾਰ – ਵਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਰਫਿਊ ਦੀ ਪਾਲਣਾ ਕਰਨ ਅਤੇ ਘਰਾਂ ਵਿੱਚ ਹੀ ਰਹਿਣ। ਸਰਕਾਰ ਦੇ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪਣੇ – ਆਪਣੇ ਪਿੰਡ ਸੀਲ ਕਰ ਦਿੱਤੇ ਹਨ ਅਤੇ ਪਿੰਡਾਂ ਦੇ ਹਰ ਮੋੜ “ਤੇ ਨਾਕੇ ਲਗਾ ਕੇ ਆਉਣ ਜਾਣ ਵਾਲੇ ਵਿਅਕਤੀਆਂ ਦੀ ਪੁੱਛ ਪੜਤਾਲ ਕਰਕੇ ਹੀ ਲੰਘਣ ਦੀ ਆਗਿਆ ਦਿੱਤੀ ਜਾਂਦੀ ਹੈ। ਐੱਨ ਆਰ ਆਈ ਲੋਕਾਂ ਵਲੋਂ ਲੋੜ੍ਹਵੰਦਾ ਲਈ ਕੱਚਾ – ਪੱਕਾ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ।
ਫੋਨ ਤੇ ਗੱਲਬਾਤ ਕਰਦਿਆਂ ਹਲਕਾ ਨਕੋਦਰ ਦੇ ਕਾਂਗਰਸ ਆਈ ਦੇ ਇੰਚਾਰਜ ਜਗਬੀਰ ਸਿੰਘ ਬਰਾੜ ਨੇ ਦੱਸਿਆ ਕਿ ਹਲਕਾ ਨਕੋਦਰ ਦੀਆਂ 160 ਪੰਚਾਇਤਾਂ ਵਿੱਚੋ 106 ਪੰਚਾਇਤਾਂ ਨੂੰ ਅਤੇ ਬਲਾਕ ਨੂਰਮਹਿਲ ਦੀਆਂ ਲਗਭਗ 45 ਪੰਚਾਇਤਾਂ ਨੂੰ ਸਰਕਾਰੀ ਰਾਸ਼ਨ ਮੁਹਈਆ ਕਰਵਾਇਆ ਹੈ। ਬਰਾੜ ਨੇ ਅੱਗੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਪਿੰਡਾਂ ਨੂੰ ਰਾਸ਼ਨ ਨਿਰੰਤਰ ਵੰਡਿਆ ਜਾ ਰਿਹਾ ਹੈ। ਅਤੇ ਜਿਹੜੇ ਪਿੰਡ ਰਹਿ ਗਏ ਹਨ ਉਹਨਾਂ ਨੂੰ ਆਉਂਦੇ 2-4 ਦਿਨਾਂ ਵਿੱਚ ਰਾਸ਼ਨ ਮੁਹਈਆ ਕਰਵਾ ਦਿੱਤਾ ਜਾਵੇਗਾ।