ਰਾਜਪੁਰਾ ਪੁਲਿਸ ਨੇ ਬੀਤੇ ਦਿਨੀਂ ਕਾਬੂ ਕੀਤੇ ਗਏ ਨਕਲੀ ਪਨੀਰ, ਨਕਲੀ ਦੁੱਧ ਅਤੇ ਹੋਰ ਸਮਾਨ ਵੇਚਣ ਵਾਲੇ ਗ੍ਰੋਹ ਦੇ ਖਿਲਾਫ ਦਰਜ ਕੀਤੇ ਕੇਸ ਵਿੱਚ ਇਰਾਦਾ ਕਤਲ ਦੀ ਧਾਰਾ ਦਾ ਵਾਧਾ ਕਰ ਦਿੱਤਾ ਹੈ। ਜਿਸ ਨਾਲ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਵੀ ਇਸੇ ਹਿਸਾਬ ਨਾਲ ਵਾਧਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਾਜਪੁਰਾ ਅਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਪੁਰਾ ਪੁਲਿਸ ਨੇ ਲਿਬਰਟੀ ਚੌਂਕ ਨੇੜੇ ਇੱਕ ਬੋਲੈਰੋ ਗੱਡੀ ਨੂੰ ਰੋਕ ਕੇ ਜਦ ਉਸ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ ਮਿਲੇ ਪਨੀਰ ਅਤੇ ਘਿਉ ਵਗੈਰਾ ਤੇ ਸ਼ੱਕ ਕੀਤਾ ਗਿਆ। ਬੋਲੈਰੋ ਗੱਡੀ ਦੇ ਡਰਾਇਵਰਾਂ ਦੀ ਪੁੱਛਗਿੱਛ ਤੇ ਪੁਲਿਸ ਨੇ ਦੇਵੀਗੜ੍ਹ ਵਿਖੇ ਸਿੰਗਲਾ ਚਿਲੰਗ ਸੈਂਟਰ ‘ਤੇ ਛਾਪਾ ਮਾਰੀ ਕਰਕੇ ਉਸ ਥਾਂ ਤੋਂ ਵੱਡੀ ਮਾਤਰਾ ਵਿੱਚ ਪਨੀਰ, ਦੁੱਧ, ਮੱਖਣ, ਸਿਰਕਾ ਅਤੇ ਹੋਰ ਸਮਾਨ ਕਾਬੂ ਕੀਤਾ ਸੀ। ਇਸ ਸਮਾਨ ਦੇ ਸੈਂਪਲ ਲੈਬੋਰੇਟਰੀ ਵਿੱਚ ਭੇਜੇ ਗਏ। ਇਹਨਾਂ ਵਿਚ ਕਈ ਸੈਂਪਲ ਸਬ ਸਟੈਰਡਰਡ ਅਤੇ ਮਨੁੱਖੀ ਸਿਹਤ ਲਈ ਅਸੁਰੱਖਿਅਤ ਪਾਏ ਗਏ। ਜਿਸ ਤੇ ਪੁਲਿਸ ਨੇ ਡਰਾਇਵਰ ਕੁਲਵੰਤ ਸਿੰਘ ਅਤੇ ਹਰਦਿਆਲ ਸਿੰਘ ਦੀ ਨਿਸ਼ਾਨਦੇਹੀ ਤੇ ਹਰੀਸ਼ ਸਿੰਗਲਾ, ਹਨੀ ਸਿੰਗਲਾ ਅਤੇ ਅਨਿਲ ਸਿੰਗਲਾ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ। ਔਲਖ ਨੇ ਅੱਗੇ ਦੱਸਿਆ ਕਿ ਕਾਬੂ ਕੀਤੇ ਗਏ ਡਰਾਇਵਰਾਂ ਨੇ ਇਸ ਗੋਰਖਧੰਦੇ ਦੇ ਮੂੰਹ ਤੋਂ ਘੁੰਡ ਚੁੱਕਦਿਆਂ ਖੁਲਾਸਾ ਕੀਤਾ ਕਿ ਇਹਨਾਂ ਨੇ ਇਕ ਡੇਅਰੀ ਇੰਡਸਟਰੀਅਲ ਏਰੀਆ ਕਾਲਕਾ ਵਿਖੇ ਲਾਈ ਹੋਈ ਸੀ। ਜਿਸ ਤੇ ਹਰ ਰੋਜ ਕਰੀਬ ਪੰਜ ਤੋਂ ਛੇ ਕਵਿੰਟਲ ਨਕਲੀ ਪਨੀਰ ਬਣਾ ਕੇ ਭੇਜਿਆ ਜਾਂਦਾ ਸੀ। ਇਸ ਪਨੀਰ ਨੂੰ ਫਿਰ ਅੱਗੇ ਹਿਮਾਚਲ ਪ੍ਰਦੇਸ਼ ਦੇ ਵੱਡੇ ਵੱਡੇ ਹੋਟਲਾਂ, ਮੈਰਿਜ ਪੈਲੇਸਾਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਤੇ ਸਪਲਾਈ ਕੀਤਾ ਜਾਂਦਾ ਸੀ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਇਹ ਜਿਸ ਗੱਡੀ ਵਿਚ ਦੇਵੀਗੜ੍ਹ ਤੋਂ ਪਨੀਰ ਲੈ ਕੇ ਆਂਉਦੇ ਸੀ। ਉਸ ਗੱਡੀ ਵਿੱਚੋਂ ਰਾਹ ਵਿੱਚ ਪਨੀਰ ਬਦਲੀ ਕਰਕੇ ਹੋਰ ਗੱਡੀ ਵਿਚ ਪਲਟੀ ਮਾਰ ਲਿਆ ਜਾਂਦਾ ਸੀ ਤਾਂ ਕਿ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ ਕਿ ਪਨੀਰ ਕਿੱਥੋ ਆਇਆ ਹੈ ਤੇ ਕਿੱਥੇ ਚੱਲਿਆ ਹੈ। ਇਸ ਲਈ ਆਮ ਡਾਕਟਰੀ ਦੀ ਰਾਏ ਹਾਸਲ ਕਰਕੇ ਅਤੇ ਲੈਬੋਰੇਟਰੀ ਦੇ ਮਿਲੇ ਸੈਂਪਲਾਂ ਦੀ ਰਿਪੋਰਟ ਦੇ ਮੱਦੇਨਜਰ ਪੁਲਿਸ ਨੇ ਹੁਣ ਇਹਨਾਂ ਦੇ ਜੁਰਮ ਵਿਚ ਆਈ ਪੀ ਸੀ ਧਾਰਾ 307 ਇਰਾਦਾ ਕਤਲ ਦਾ ਵਾਧਾ ਕਰ ਦਿਤਾ ਹੈ। ਔਲਖ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਨੀਰ ਅਤੇ ਹੋਰ ਖਾਣ ਪੀਣ ਵਾਲੇ ਸਮਾਨ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਸੀ ਪਰ ਉਸ ਕੇਸ ਵਿਚ ਇਹਨਾਂ ਨੇ ਮਾਮੂਲੀ ਜੁਰਮਾਨਾ ਅਦਾ ਕਰਕੇ ਫਿਰ ਤੋਂ ਕੰਮ ਸ਼ੁਰੂ ਕਰ ਲਿਆ ਸੀ। ਉਹਨਾਂ ਨੇ ਅੱਗੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਜਿਹੜਾ ਵੀ ਸ਼ਹਿਰ ਜਾਂ ਕਿਸੇ ਹੋਰ ਥਾਂ ਤੇ ਨਕਲੀ ਪਨੀਰ, ਦੁੱਧ, ਮੱਖਣ ਵਗੈਰਾ ਦਾ ਗੋਰਖਧੰਦਾ ਕਰ ਰਿਹਾ ਹੈ ਉਸ ਦੇ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ।