ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 5 ਅਪ੍ਰੈਲ ਦਿਨ ਐਤਵਾਰ ਨੂੰ ਰਾਤ 9.00 ਵਜੇ 9 ਮਿੰਟ ਤੱਕ ਆਪੋ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਕੇ ਆਪਣੇ ਦਰਵਾਜ਼ਿਆਂ ਜਾਂ ਬਾਲਕੋਨੀਆਂ ਵਿਚ ਖੜੇ ਹੋ ਕੇ ਮੋਤੀਆਂ, ਦੀਵੇ, ਟਾਰਚ ਜਾਂ ਫਿਰ ਮੋਬਾਈਲ ਦੀ ਫਲੈਸ਼ ਲਾਈਟ ਜਲਾਈ ਜਾਵੇ ਤੇ ਕੋਰੋਨਾ ਖਿਲਾਫ ਦੇਸ਼ ਦੀ ਇਕਜੁੱਤਾ ਤੇ ਦ੍ਰਿੜਤਾ ਦਾ ਮੁਜ਼ਾਹਰਾ ਕੀਤਾ ਜਾਵੇ।
ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ 11 ਮਿੰਟ ਦੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 22 ਮਾਰਚ ਨੂੰ ਸ਼ਾਮ 5 ਵਜੇ ਜਦੋਂ ਲੋਕਾਂ ਨੇ ਤਾੜੀਆਂ ਮਾਰ ਕੇ ਤੇ ਥਾਲੀਆਂ ਖੜਾ ਕੇ ਕੋਰੋਨਾ ਦੀ ਜੰਗ ਵਿਚ ਅਹਿਮ ਰੋਲ ਨਿਭਾਉਣ ਵਾਲਿਆਂ ਦੀ ਸ਼ਲਾਘਾ ਕੀਤੀ ਸੀ, ਉਹ ਦੁਨੀਆਂ ਵਿਚ ਅਪਣਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ 5 ਅਪ੍ਰੈਲ ਵਾਸਤੇ ਜੋ ਸੱਦਾ ਦਿੱਤਾ ਗਿਆ ਹੈ, ਉਸ ਵੇਲੇ ਲੋਕ ਆਪਣੀਆਂ ਗਲੀਆਂ ਵਿਚ ਇਕੱਠੇ ਨਾ ਹੋਣ ਬਲਕਿ ਆਪੋ ਆਪਣੇ ਘਰਾਂ ਵਿਚ ਖੜੇ ਰਹਿ ਕੇ ਇਹ ਰੋਸ਼ਨੀ ਬਾਲਣ। ਉਹਨਾਂ ਕਿਹਾ ਕਿ ਦੇਸ਼ ਵਾਸੀ ਭਾਵੇਂ ਆਪੋ ਆਪਣੇ ਘਰਾਂ ਵਿਚ ਇਕੱਲੇ ਹਨ ਪਰ ਅਸਲ ਵਿਚ ਸਾਰੇ ਦੇਸ਼ਵਾਸੀ ਇਕਜੁੱਟ ਹਨ। ਉਹਨਾਂ ਕਿਹਾ ਕਿ 130 ਕਰੋੜ ਦੇਸ਼ ਵਾਸਆ ਦੀ ਸਮੂਹਿਕ ਸ਼ਕਤੀ ਹਰ ਵਿਅਕਤੀ ਦੇ ਨਾਲ ਹੈ। ਉਹਨਾਂ ਕਿਹਾ ਕਿ ਜਨਤਾ ਜਨਾਰਧਨ ਪਰਮਾਤਮਾ ਦਾ ਹੀ ਰੂਪ ਹੁੰਦੀ ਹੈ। ਜਦੋਂ ਦੇਸ਼ ਇੰਨੀ ਵੱਡੀ ਲੜਾਈ ਲੜ ਰਿਹਾ ਹੈ ਤਾਂ ਅਜਿਹੀ ਲੜਾਈ ਵਿਚ ਵਾਰ ਵਾਰ ਜਨਤਾ ਰੂਪੀ ਮਹਾਨ ਸ਼ਕਤੀ ਦਾ ਤੇ ਵਿਰਾਸਟ ਸਰੂਪ ਦਾ ਪ੍ਰਗਟਾਵਾ ਕਰਦੇ ਰਹਿਣਾ ਚਾਹੀਦਾ ਹੈ।