ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀ ਵਾਲਾ ਵਿਚ ਦਲਿਤ ਨੌਜਵਾਨ ਜਗਮੇਲ ਸਿੰਘ ਨਾਲ ਸਿਆਸੀ ਸ਼ਹਿ ਪ੍ਰਾਪਤ ਪਿੰਡ ਦੇ ਉੱਚ ਜਾਤ ਦੇ ਵਿਅਕਤੀਆਂ ਵੱਲੋਂ ਅਣਮਨੁੱਖੀ ਕਾਰਾ ਕਰਦਿਆਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਕਰਕੇ ਹੋਈ ਮੌਤ ਨਾਲ ਇਕ ਵਾਰ ਫਿਰ ਡੂੰਘੀ ਪਕੜ ਪ੍ਰਾਪਤ ਜਾਤ ਪਾਤ ਊਚ ਨੀਚ ਵਾਲੇ ਸਮਾਜ ਤੇ ਗੈਰ ਸੰਵੇਦਨਸ਼ੀਲ ਭ੍ਰਿਸ਼ਟ ਤੇ ਹਰ ਪੱਖੋਂ ਨਿਵਾਣਾ ਛੂਹ ਚੁੱਕੇ ਰਾਜ ਪ੍ਰਬੰਧਕ ‘ਤੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਤੇ ਸਿਸਟਮ ਤੇ ਸਮਾਜ ਦੇ ਮੱਥੇ ਉਤੇ ਕਲੰਕ ਦੱਸਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਗੁਰੂ ਸਾਹਿਬ ਦੇ 550ਵੇਂ ਜਨਮ ਦਿਹਾੜੇ ‘ਤੇ ਅਰਬਾਂ ਰੁਪਏ ਆਪਣੀ ਹਉਮੈ ਤੇ ਸਿਆਸੀ ਭੁੱਖ ਖਾਤਰ ਰੋੜਣ ਵਾਲੇ ਸਮੇਂ ਦੇ ਹਾਕਮ ਤੇ ਪੁਜਾਰੀ ਗੁਰੂ ਸਾਹਿਬ ਦੀ ਜਾਤ ਪਾਤ, ਊਚ ਨੀਚ, ਜਬਰ ਜੁਲਮ ਖਿਲਾਫ, ਬਰਾਬਰਤਾ, ਸਾਂਝੀਵਾਲਤਾ ਦਾ ਸਮਾਜ ਸਿਰਜਣ ਵਾਲੀ ਵਿਚਾਰਧਾਰਾ ਦੇ ਉਲਟ ਕੰਮ ਕਰ ਰਹੇ ਹਨ।
ਇਸ ਵੇਲੇ ਪੰਜਾਬ ਵਿਚ ਅਰਾਜਕਤਾ ਫੈਲੀ ਹੋਈ ਹੈ ਤੇ ਕਾਨੂੰਨ ਦੇ ਰੱਖਵਾਲਿਆਂ ਦਾ ਸਿਆਸੀ ਨੇਤਾਵਾਂ ਤੇ ਅਪਰਾਧਿਕ ਮਾਫੀਏ ਅਨਸਰਾਂ ਨਾਲ ਨਾਪਾਕ ਗਠਜੋੜ ਹੈ ਜੋ ਜਨਤਾ ਨੁੰ ਦੋਵੇਂ ਹੱਥੀ ਲੁੱਟ ਤੇ ਕੁੱਟ ਰਹੇ ਹਨ। ਇਸ ਕੇਸ ਵਿਚ ਵੀ ਜਾਤੀ ਵਿਤਕਰੇ ਦੇ ਚੱਲਦੇ ਸਿਆਸੀ ਗੁੰਡਾ ਗਠਜੋੜ ਵੱਲੋਂ ਇਸ ਕੀਤੇ ਕਾਰੇ ਪ੍ਰਤੀ ਪੁਲਿਸ ਤੇ ਸਰਕਾਰ ਦੀ ਅਣਗਹਿਲੀ, ਮਿਲੀਭੁਗਤ ਸਾਫ ਨਜ਼ਰ ਆਉਂਦੀ ਹੈ ਤੇ ਪੀੜਤ ਨੂੰ ਮੈਡੀਕਲ ਸਹਾਇਤਾ ਦੇ ਇਲਾਜ ਕਰਵਾਉਣ ਵਿਚ ਕੀਤੀ ਗਈ ਦੇਰੀ ਕਰਕੇ ਗਰੀਬ ਘਰ ਦਾ ਚਿਰਾਗ ਬੁਝ ਗਿਆ ਹੈ। ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜ ਰਹੀਆਂ ਜਥੇਬੰਦੀਆਂ ਦੀ ਪੁਰਜ਼ੋਰ ਹਮਾਇਤ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਪੈਸ਼ਲ ਅਦਾਲਤ ਰਾਹੀਂ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ, ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਤੇ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਕਿਸਾਨ ਆਗੂਆਂ ਨੇ ਜਾਤੀ ਪਾਤੀ, ਊਚ ਨੀਚ ਤੇ ਲੁੱਟ ਆਧਾਰਿਤ ਪ੍ਰਬੰਧ ਖਿਲਾਫ ਬੇਕਿਰਕ ਜੰਗ ਵਿੱਢਣ ਲਈ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਤੇ ਇਸ ਮੁਸ਼ਕਲ ਲੜਾਈ ਲਈ ਮਾਨਸਿਕ ਤੌਰ ਤੇ ਤਿਆਰ ਹੋ ਕੇ ਸੰਘਰਸ਼ ਦੇ ਪਿੜ ਮੱਲਣ ਦੀ ਚੁਣੌਤੀ ਕਬੂਲਣ ਲਈ ਕਿਹਾ ਹੈ ਕਿ ਇਸ ਦੇ ਬਗੈਰ ਹੋਰ ਕੋਈ ਚਾਰਾ ਨਹੀਂ ਹੈ।