* ਭਾਜਪਾ ਦੀ ਕਿਸ਼ਤੀ ‘ਚ ਸਵਾਰ ਨਹੀਂ ਹੋਵੇਗਾ ਪੰਜਾਬ ਦਾ ਦਲਿਤ ਸਮਾਜ
ਫਗਵਾੜਾ (ਡਾ ਰਮਨ ) ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਕੈਪਟਨ ਰਾਜ ‘ਚ ਦਲਿਤਾਂ ਉਪਰ ਹੋ ਰਹੇ ਅਤਿਆਚਾਰ ਨੂੰ ਮੁੱਦਾ ਬਣਾ ਕੇ ਜਲੰਧਰ ਤੋਂ ਚੰਡੀਗੜ• ਤੱਕ ਕੱਡੀ ਯਾਤਰਾ ਪ੍ਰਤੀ ਟਿੱਪਣੀ ਕਰਦੇ ਹੋਏ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੂਬਾ ਪ੍ਰਧਾਨ ਹਰਭਜਨ ਸੁਮਨ ਨੇ ਕਿਹਾ ਕਿ ਭਾਜਪਾ ਨੂੰ ਉਹਨਾਂ ਸੂਬਿਆਂ ਵਿਚ ਹੀ ਦਲਿਤਾਂ ਉਪਰ ਅਤਿਆਚਾਰ ਦਿਖਾਈ ਦਿੰਦਾ ਹੈ ਜਿੱਥੇ ਉਹ ਸੱਤਾ ਵਿਚ ਨਹੀਂ ਹਨ ਜਦਕਿ ਹਾਥਰਸ ‘ਚ ਦਲਿਤ ਪਰਿਵਾਰ ਦੀ ਧੀ ਨਾਲ ਹੋਏ ਅਤਿਆਚਾਰ ਨੂੰ ਦੁਨੀਆ ਨੇ ਦੇਖਿਆ ਹੈ ਜਿੱਥੇ ਭਾਜਪਾ ਦੀ ਸਰਕਾਰ ਨੇ ਮਰਨ ਤੋਂ ਬਾਅਦ ਵੀ ਲੜਕੀ ਦਾ ਰੀਤੀ ਰਿਵਾਜ ਅਨੁਸਾਰ ਅੰਤਮ ਸੰਸਕਾਰ ਨਹੀਂ ਹੋਣ ਦਿੱਤਾ। ਉਹਨਾਂ ਕਿਹਾ ਕਿ ਜਲਾਲਾਬਾਦ ਵਿਚ ਦਲਿਤ ਵਿਅਕਤੀ ਨਾਲ ਜੋ ਗੈਰ-ਮਨੁੰਖੀ ਅਤਿਆਚਾਰ ਦੀ ਘਟਨਾ ਸਾਹਮਣੇ ਆਈ ਹੈ ਉਹ ਨਿੰਦਣਯੋਗ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਉਹ ਮੰਗ ਕਰਦੇ ਹਨ ਲੇਕਿਨ ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ ਉਸ ਸਮੇਂ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਰਹਿੰਦਿਆਂ ਸੋਮ ਪ੍ਰਕਾਸ਼ ਕੈਂਥ ਨੇ ਕਦੇ ਵੀ ਦਲਿਤਾਂ ਦੇ ਹੱਕ ਵਿਚ ਆਵਾਜ ਨਹੀਂ ਚੁੱਕੀ। ਇਸ ਸਮੇਂ ਅਕਾਲੀਆਂ ਨਾਲ ਭਾਜਪਾ ਦੀ ਭਾਈਵਾਲੀ ਟੁੱਟ ਚੁੱਕੀ ਹੈ ਅਤੇ ਕਿਸਾਨਾ ‘ਚ ਭਾਜਪਾ ਪ੍ਰਤੀ ਗਹਿਰਾ ਗੁੱਸਾ ਹੈ। ਇਹੋ ਵਜ•ਾ ਹੈ ਕਿ ਭਾਜਪਾ ਪੰਜਾਬ ਵਿਚ ਅਗਲੀ ਵਿਧਾਨਸਭਾ ਚੋਣ ਇਕੱਲੇ ਲੜਨ ਦੇ ਇਰਾਦੇ ਨਾਲ ਦਲਿਤਾਂ ਨਾਲ ਝੂਠੀ ਹਮਦਰਦੀ ਦਿਖਾ ਰਹੀ ਹੈ ਤਾਂ ਕਿ ਦਲਿਤ ਸਮਾਜ ਭਾਜਪਾ ਨੂੰ ਵੋਟ ਦੇ ਕੇ ਸੱਤਾ ਦੇ ਸਿਖਰ ਤੱਕ ਲੈ ਜਾਵੇ ਪਰ ਦਲਿਤ ਸਮਾਜ ਭਾਜਪਾ ਤੇ ਆਰ.ਐਸ.ਐਸ. ਦੀ ਦਲਿਤ ਵਿਰੋਧੀ ਵਿਚਾਰਧਾਰਾ ਤੋਂ ਅਣਜਾਨ ਨਹੀਂ ਹੈ। ਪੰਜਾਬ ਦਾ ਦਲਿਤ ਕਦੇ ਵੀ ਭਾਜਪਾ ਦੀ ਕਿਸ਼ਤੀ ਵਿਚ ਸਵਾਰ ਨਹੀਂ ਹੋਵੇਗਾ।