ਬਿਊਰੋ ਰਿਪੋਰਟ –

ਐਕਸਾਈਜ਼ ਵਿਭਾਗ ਦੇ ਵਿਚ ਤਾਇਨਾਤ ਇਕ ਸਹਾਇਕ ਥਾਣੇਦਾਰ ਦੇ ਵਲੋਂ ਪਿੰਡ ਕਾਲੀਏਵਾਲਾ ਵਿਖੇ ਆਪਣੀ ਪਤਨੀ ਨੂੰ ਪਹਿਲੋਂ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਥਾਣੇਦਾਰ ਦੀ ਪਛਾਣ ਬਲਜੀਤ ਸਿੰਘ (48) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਮਿਸ਼ਰੀਵਾਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਬਲਜੀਤ ਸਿੰਘ ਬੀਤੇ ਦਿਨ ਆਪਣੀ ਪਤਨੀ ਨੂੰ ਪਿੰਡ ਕਾਲੀਏਵਾਲਾ ਸਹੁਰੇ ਘਰੋਂ ਤੋਂ ਲੈਣ ਵਾਸਤੇ ਆਇਆ ਸੀ।

ਜਿਥੇ ਬਲਜੀਤ ਸਿੰਘ ਦਾ ਆਪਣੀ ਪਤਨੀ ਚਰਨਜੀਤ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਬੋਲ ਬੁਲਾਰਾ ਅਤੇ ਗੁੱਸੇ ਵਿਚ ਆਉਂਦਿਆਂ ਘਰ ਦੇ ਵਿਹੜੇ ਵਿਚ ਕੁਰਸੀ ‘ਤੇ ਬੈਠੀ ਆਪਣੀ ਪਤਨੀ ਚਰਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ, ਜਦੋਂ ਪਤਨੀ ਜ਼ਮੀਨ ‘ਤੇ ਡਿੱਗ ਪਈ ਤਾਂ ਬਲਜੀਤ ਸਿੰਘ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਦੇ ਵਲੋਂ ਬਲਜੀਤ ਸਿੰਘ ਅਤੇ ਚਰਨਜੀਤ ਕੌਰ ਦੋਵਾਂ ਨੂੰ ਮੋਗਾ ਦੇ ਇਕ ਹਸਪਤਾਲ ਵਿਖੇ ਲਿਜਾਗਿਆ ਗਿਆ, ਜਿਥੇ ਬਲਜੀਤ ਸਿੰਘ ਦੀ ਤਾਂ ਮੌਤ ਹੋ ਗਈ, ਜਦਕਿ ਚਰਨਜੀਤ ਕੌਰ ਦਾ ਡਾਕਟਰਾਂ ਵੱਲੋਂ ਇਲਾਜ਼ ਕੀਤਾ ਜਾ ਰਿਹਾ ਹੈ। ਡਾਕਟਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਚਰਨਜੀਤ ਕੌਰ ਦੀ ਵੀ ਹਾਲਤ ਕਾਫ਼ੀ ਜ਼ਿਆਦਾ ਗੰਭੀਰ ਹੈ, ਜਿਸ ਨੂੰ ਬਚਾਉਣ ਦੀ ਉਨ੍ਹਾਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਬੰਧਤ ਥਾਣੇ ਦੀ ਪੁਲਿਸ ਵਲੋਂ ਮ੍ਰਿਤਕ ਬਲਜੀਤ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਥਾਣੇਦਾਰ ਬਲਜੀਤ ਸਿੰਘ ਨੇ ਆਪਣੀ ਪਤਨੀ ਨੂੰ ਗੋਲੀ ਕਿਉਂ ਮਾਰੀ ਅਤੇ ਆਪ ਖੁਦਕੁਸ਼ੀ ਕਿਉਂ ਕੀਤੀ, ਇਸ ਦੇ ਬਾਰੇ ਵਿਚ ਹੁਣ ਤੱਕ ਪਤਾ ਨਹੀਂ ਲੱਗ ਸਕਿਆ, ਪਰ ਜਾਣਕਾਰ ਦੱਸਦੇ ਹਨ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਬਲਜੀਤ ਸਿੰਘ ਦਾ ਆਪਣੀ ਪਤਨੀ ਚਰਨਜੀਤ ਕੌਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ, ਜਿਸ ਦੇ ਕਾਰਨ ਬਲਜੀਤ ਸਿੰਘ ਨੇ ਪਹਿਲੋਂ ਆਪਣੀ ਪਤਨੀ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।