(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ)
ਸ਼ਾਹਕੋਟ: ਮਲਸੀਆਂ,ਦੇਸ਼ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਪਿੱਛਲੇ ਦਿਨੀਂ ਸ਼ਾਹਕੋਟ ਬਲਾਕ ਸ਼ਾਹਕੋਟ ਪਿੰਡ ਤਲਵੰਡੀ ਸੰਘੇੜਾ ਦੀ ਇੱਕ ਔਰਤ ਅਤੇ ਪੱਤੋ ਕਲਾਂ ਦਾ ਇੱਕ ਨੌਜਵਾਨ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਪਾਏ ਗਏ ਸਨ, ਜਿਨਾਂ ਵਿੱਚੋਂ ਤਲਵੰਡੀ ਸੰਘੇੜਾ ਦੀ ਔਰਤ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਅਮਰਦੀਪ ਸਿੰਘ ਦੁੱਗਲ ਐਸ.ਐੱਮ.ਓ. ਸ਼ਾਹਕੋਟ ਨੇ ਦੱਸਿਆ ਕਿ ਪਿੰਡ ਤਲਵੰਡੀ ਸੰਘੇੜਾ ਦੀ ਇੱਕ ਔਰਤ ਹਰਬੰਸ ਕੌਰ (60) ਪਤਨੀ ਮਹਿੰਦਰ ਕੌਰ, ਜੋਕਿ 3 ਮਾਰਚ ਨੂੰ ਕੈਨੇਡਾ ਤੋਂ ਆਈ ਸੀ, ਜਿਸ ਨੂੰ ਖੰਘ, ਜੁਕਾਮ ਹੋਣ ਕਾਰਨ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਸਨ। ਔਰਤ ਵੱਲੋਂ ਅਜਿਹੇ ਹਾਲਾਤਾਂ ਨੂੰ ਦੇਖਦਿਆ ਫਗਵਾੜਾ ਵਿਖੇ ਆਪਣਾ ਇਲਾਜ਼ ਕਰਵਾਇਆ ਜਾ ਰਿਹਾ ਸੀ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦਾ ਸ਼ੱਕ ਹੋਣ ਕਾਰਨ ਔਰਤ ਦੇ ਸੈਂਪਲ ਲਏ ਗਏ ਸਨ। ਉਨਾਂ ਦੱਸਿਆ ਕਿ ਸੋਮਵਾਰ ਨੂੰ ਮਿਲੀ ਜਾਂਚ ਰਿਪੋਰਟ ਅਨੁਸਾਰ ਔਰਤ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਪਿੰਡ ਪੱਤੋ ਕਲਾਂ ਦਾ ਨੌਜਵਾਨ ਸਤੀਸ਼ ਕੁਮਾਰ (30) ਪੁੱਤਰ ਦਰਸ਼ਨ ਸਿੰਘ, ਜੋਕਿ ਪਿੱਛਲੇ ਦਿਨੀਂ ਦੁਬਈ ਤੋਂ ਆਇਆ ਸੀ, ਜਿਸ ਨੂੰ ਖੰਘ, ਜੁਕਾਮ ਹੋਣ ਕਾਰਨ ਜਾਂਚ ਲਈ ਭੇਜਿਆ ਗਿਆ ਸੀ, ਪਰ ਉਸ ਵਿੱਚ ਕੋਰੋਨਾ ਵਾਇਰਸ ਦੇ ਪੂਰੇ ਲੱਛਣ ਨਜ਼ਰ ਨਹੀਂ ਸਨ ਆ ਰਹੇ। ਉਨਾਂ ਦੱਸਿਆ ਕਿ ਅੱਜ ਮੁੜ ਉਸ ਨੂੰ ਜਾਂਚ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਾਵਧਾਨੀਆਂ ਵਰਤਨ ਤਾਂ ਜੋ ਕੋਰੋਨਾ ਵਾਇਰਸ ਤੋਂ ਆਪਣਾ ਤੇ ਹੋਰਨਾਂ ਦਾ ਬਚਾਅ ਕੀਤਾ ਜਾ ਸਕੇ।