* ਬੁੱਧ ਪੂਰਨਿਮਾ ਮੌਕੇ 170 ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਫਗਵਾੜਾ (ਡਾ ਰਮਨ ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਅਤੇ ਪੰਜਾਬ ਵਲੋਂ ਬੁੱਧ ਪੂਰਨਿਮਾ ਮੌਕੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਵਿਖੇ ਪੜ• ਰਹੇ ਲੋੜਵੰਦ ਵਿਦਿਆਰਥੀਆਂ ਦੇ 170 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਰਾਸ਼ਨ ਵੰਡਣ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਦੀ ਪ੍ਰਤਿਮਾ ਅੱਗੇ ਸ਼ਮਾ ਰੌਸ਼ਨ ਕਰਕੇ ਤ੍ਰਿਸ਼ੀਲ ਅਤੇ ਪੰਚਸ਼ੀਲ ਦਾ ਉੱਚਾਰਣ ਕੀਤਾ ਗਿਆ। ਇਸ ਮੌਕੇ ਕਟਾਰੀਆ ਦੇ ਚੌਂਕੀ ਇੰਚਾਰਜ਼ ਸੰਦੀਪ ਕੁਮਾਰ ਅਤੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਕੋਰੋਨਾ ਆਫਤ ਕਾਰਨ ਲਾਗੂ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ। ਐਡਵੋਕੇਟ ਭੱਟੀ ਨੇ ਸਮੂਹ ਹਾਜਰੀਨ ਨੂੰ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਤਥਾਗਤ ਭਗਵਾਨ ਬੁੱਧ ਦੇ ਸ਼ਾਂਤੀ ਉਪਦੇਸ਼ਾਂ ਨੂੰ ਅਪਨਾਉਣਾ ਅੱਜ ਸਮੇਂ ਦੀ ਮੰਗ ਹੈ। ਸਾਨੂੰ ਉਹਨਾਂ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਮਨੁੰਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਪਣੀ ਸਮਰਥਤਾ ਅਨੁਸਾਰ ਲਾਕਡਾਉਨ ਕਰਫਿਊ ਨਾਲ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਜੋ ਕੋਈ ਵੀ ਪਰਿਵਾਰ ਭੁੱਖੇ ਢਿੱਡ ਨਾ ਰਹੇ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਯੂ.ਕੇ. ਦੇ ਪ੍ਰਧਾਨ ਖੁਸ਼ਵਿੰਦਰ ਬਿੱਲਾ, ਭੰਤੇ ਅਭੀ ਪ੍ਰਸੰਨੋ, ਜਨਰਲ ਸਕੱਤਰ ਮਨੋਹਰ ਵਿਰਦੀ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਇਹ ਰਾਸ਼ਨ ਵੰਡਿਆ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਪਿੰਡ ਨੰਗਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾਵੇਗੀ। ਅਖੀਰ ਵਿਚ ਕਮੇਟੀ ਦੀ ਉਪ ਪ੍ਰਧਾਨ ਸ੍ਰੀਮਤੀ ਰਚਨਾ ਦੇਵੀ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਓਮ ਸਿੰਘ ਤੋਮਰ, ਪਰਵੀਨ ਬੰਗਾ, ਨਿਰਮਲ ਚੰਦ ਕੈਸ਼ੀਅਰ, ਇੰਦਰਜੀਤ ਅਟਾਰੀ ਜਨਰਲ ਸਕੱਤਰ, ਮਹਿੰਦਰਪਾਲ ਪਟਵਾਰੀ, ਸਤਨਾਮ ਬਿਰਹਾ, ਬਹਾਦਰ ਸੰਧਵਾ, ਬੀ.ਕੇ. ਰੱਤੂ, ਵਿਜੇ ਮਜਾਰੀ, ਸੁਰਿੰਦਰ ਕਲੇਰ, ਮਨਦੀਪ ਕੁਮਾਰ, ਸੋਨੀ ਕੁਮਾਰ, ਸੰਤੋਖ ਜੱਸੀ ਸਾਬਕਾ ਸਰਪੰਚ, ਅਰੁਣ ਘਈ ਆਦਿ ਮੌਜੂਦ ਸਨ।