ਫਗਵਾੜਾ(ਡਾ ਰਮਨ)

ਅਧਿਆਪਕਾਂ ਦੀ ਸਰਗਰਮ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਫਗਵਾੜਾ ਇਕਾਈ ਨੇ ਅੱਜ ਸਥਾਨਕ ਬੀ ਪੀ ਈ ਓ ਦਫਤਰ ਅੱਗੇ ਇਕੱਤਰ ਹੋ ਕੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਬਾਰੇ ਹਾਲ ਹੀ ਵਿੱਚ ਜਾਰੀ ਹੋਏ ਤਨਖਾਹ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਕਰਯੋਗ ਹੈ ਕਿ ਇਸ ਨੋਟੀਫਿਕੇਸ਼ਨ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਨਵੀਂ ਭਰਤੀ ਦੇ ਕਰਮਚਾਰੀਆਂ ਨੂੰ ਕੇਂਦਰੀ ਤਰਜ਼ ਤੇ ਤਨਖਾਹ ਸਕੇਲ ਦੇਣ ਦਾ ਫੈਸਲਾ ਦਰਜ ਹੈ।ਇਕੱਤਰ ਆਗੂਆਂ ਨੇ ਕਿਹਾ ਕਿ ਡੀ ਟੀ ਐੱਫ ਇਸ ਨੋਟੀਫਿਕੇਸ਼ਨ ਨੂੰ ਮੁਢੋਂ ਰੱਦ ਕਰਦੀ ਹੈ ਅਤੇ ਇਸਨੂੰ ਕੇਵਲ ਅੱਗ ਲਾਉਣ ਯੋਗ ਸਮਝਦੀ ਹੈ। ਜਥੇਬੰਦੀ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ,ਨਵਕਿਰਨ ਪਾਂਸ਼ਟ,ਮਨਜੀਤ ਲਾਲ ਘੇੜਾ,ਸੁਖਦੇਵ ਸਿੰਘ ਸੁਖ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਹੀ ਨਹੀਂ ਬਲਕਿ ਹਰ ਸਟੇਟ ਦੀਆਂ ਸਮਾਜਿਕ , ਆਰਥਿਕ ਅਤੇ ਭੂਗੋਲਿਕ ਹਾਲਤਾਂ ਅੱਡ ਅੱਡ ਹਨ । ਇਸ ਲਈ ਕੇਂਦਰੀ ਤਰਜ਼ ਤੇ ਤਨਖਾਹਾਂ ਲਾਗੂ ਕਰਨਾ ਗੈਰ ਤਾਰਕਿਕ ਅਤੇ ਮੁਲਾਜ਼ਮ ਮਾਰੂ ਫੈਸਲਾ ਹੈ। ਉਹਨਾ ਕਿਹਾ ਕਿ ਹਰ ਵੇਲੇ ਵਿਕਾਸ ਵਿਕਾਸ ਦੀ ਰੱਟ ਲਾਉਣ ਵਾਲੀ ਸਰਕਾਰ ਦੱਸੇ ਕਿ ਵਿਕਾਸ ਵਾਧੇ ਨੂੰ ਕਿਹਾ ਜਾਂਦਾ ਹੈ ਕਿ ਘੱਟ ਕਰਨ ਨੂੰ? ਆਗੂਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਵੀ ਕੀਤੀ।ਉਹਨਾਂ ਅਧਿਆਪਕ ਵਰਗ ਨੂੰ ਜਾਗਣ ਅਤੇ ਸੰਘਰਸ਼ਾਂ ਦੇ ਪਿੜ ਵਿੱਚ ਨਿੱਕਲਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਤਨਾਮ ਸਿੰਘ ਪਰਮਾਰ,ਹਰਜਿੰਦਰ ਨਿਆਣਾ,ਲੈਕਚਰਾਰ ਰਜੇਸ਼ ਭਨੋਟ,ਮੈਡਮ ਸਨੇਹ ਲਤਾ,ਅਕਵਿੰਦਰ ਕੌਰ ਅਤੇ ਹੋਰ ਮੈਂਬਰ ਸ਼ਾਮਿਲ ਸਨ।