ਫਗਵਾੜਾ (ਡਾ ਰਮਨ )

ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੱਦੇ ‘ਤੇ ਇਕਾਈ ਫਗਵਾੜਾ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਸਰਕਾਰ ਪ੍ਰਤੀ ਰੋਹ ਦਾ ਇਜ਼ਹਾਰ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਫਗਵਾੜਾ ਇਕਾਈ ਦੇ ਪਰਮੁਖ ਆਗੂਆਂ ਗੁਰਮੁਖ ਲੋਕਪ੍ਰੇਮੀ,ਬੀਬੀ ਕੁਲਵਿੰਦਰ ਕੌਰ,ਰਜਿੰਦਰਪਾਲ ਕੌਰ ਅਤੇ ਸਤਨਾਮ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਪੱਤਰ ਵਿੱਚ ਸਰਕਾਰ ਨੇ ਨਵੇਂ ਮੁਲਾਜ਼ਮਾਂ ਤੇ ਕੇਂਦਰ ਵਾਲੇ ਤਨਖਾਹ ਸਕੇਲ ਅਤੇ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਕੁਚੱਜੀ ਗੱਲ ਕੀਤੀ ਹੈ।ਜਦਕਿ ਪੰਜਾਬ ਸੂਬੇ ਦੀਆਂ ਸਮਾਜਿਕ ਆਰਥਿਕ ਅਤੇ ਭੌਤਿਕ ਹਾਲਤਾਂ ਦੇ ਮੱਦੇਨਜ਼ਰ ਇੱਥੇ ਕੇਂਦਰ ਨਾਲੋਂ ਵੱਖਰੇ ਸਕੇਲ ਮਿਲਦੇ ਹਨ ਅਤੇ ਜਰੂਰ ਮਿਲਣੇ ਵੀ ਚਾਹੀਦੇ ਹਨ।ਪੰਜਾਬ ਦਾ ਹਰੇਕ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਨੰਬਰ ਇੱਕ ਸੂਬੇ ਦਾ ਖਿਤਾਬ ਫੜਨ ਦਿੱਲੀ ਨੂੰ ਭੱਜ ਪੈਂਦਾ ਹੈ ਤਾਂ ਮੁਲਾਜ਼ਮਾਂ ਦੀ ਕੇਂਦਰ ਨਾਲੋਂ ਵੱਧ ਤਨਖਾਹ ਸਰਕਾਰਾਂ ਨੂੰ ਰੜਕਦੀ ਕਿਉਂ ਹੈ।ਉਹਨਾਂ ਕਿਹਾ ਕਿ 2004 ਤੋੰ ਬਾਅਦ ਭਾਰਤੀ ਮੁਲਾਜ਼ਮਾਂ ਦੀ ਪੈਨਸ਼ਨ ਵੀ ਸਰਕਾਰਾਂ ਖਾ ਗਈਆਂ ਹਨ। ਡੀ . ਏ. ਅਤੇ ਪੇ ਕਮਿਸ਼ਨ ਦੱਬੀ ਬੈਠੀਆਂ ਹਨ। ਉਹਨਾਂ ਫੈਡਰੇਸ਼ਨ ਵੱਲੋਂ ਉਚੇਚੀ ਮੰਗ ਕੀਤੀ ਕਿ ਸਾਰੇ ਉੱਕੀ ਪੱਕੀ ਤਨਖਾਹ ਵਾਲੇ,ਇਨਸੈਂਟਿਵ ਵਾਲੇ,ਦਿਹਾੜੀ ਅਧਾਰਿਤ ਅਤੇ ਕੰਟਰੈਕਟ ਮੁਲਾਜ਼ਮ ਤੁਰੰਤ ਪੱਕੇ ਕੀਤੇ ਜਾਣ। ਉਹਨਾਂ ਕਿਹਾ ਕੇ ਫੈਡਰੇਸ਼ਨ ਆਸ਼ਾ ਵਰਕਰਾਂ,ਮਿਡ ਡੇ ਮੀਲ ਵਰਕਰਾਂ ਅਤੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਦੇ ਸੰਘਰਸ਼ ਵਿੱਚ ਡੱਟ ਕੇ ਉਹਨਾਂ ਦੇ ਨਾਲ ਚਟਾਨ ਵਾਂਗ ਖੜਾ ਹੈ। ਉਹਨਾਂ ਨੇ ਕਿਹਾ ਕਿ ਉਕਤ ਪੱਤਰ ਦੀ ਵਾਪਸੀ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨਿਰੰਤਰ ਜਾਰੀ ਰਹੇਗਾ।ਸੰਘਰਸ਼ੀ ਲੋਕ ਸਰਮਾਏਦਾਰੀ ਪੱਖੀ ਸਰਕਾਰਾਂ ਦੀਆਂ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਨੂੰ ਤਕੜੇ ਹੋ ਕੇ ਟੱਕਰ ਦੇਣਗੇ। ਇਸ ਮੌਕੇ ਰੇਸ਼ਮਾ ਰਾਣੀ , ਉਰਮਿਲਾ,ਰਜਨੀ ਸ਼ਰਮਾ ਤੇ ਗੁਰਸੇਵਕ ਆਦਿ ਮੁਲਾਜ਼ਮ ਵੀ ਹਾਜ਼ਰ ਸਨ।