*17 ਅਤੇ 18 ਮਾਰਚ ਨੂੰ ਚਾਰ ਜ਼ਿਲਿਆਂ ਦੇ ਨੌਜਵਾਨਾਂ ਲਈ ਐਲ. ਪੀ. ਯੂ ਵਿਖੇ ਲੱਗੇਗਾ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ
*20 ਫਰਵਰੀ ਤੋਂ ਬਾਅਦ ਕਰਵਾਈ ਜਾ ਸਕੇਗੀ ਆਨਲਾਈਨ ਰਜਿਸਟ੍ਰੇਸ਼ਨ

ਫਗਵਾੜਾ (ਕਪੂਰਥਲਾ), 19 ਫਰਵਰੀ ( ਡਾ ਰਮਨ , ਅਜੇ ਕੋਛੜ )

ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਮਾਰਚ ਮਹੀਨੇ ਲਗਾਏ ਜਾ ਰਹੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਿਆਂ ਤਹਿਤ 17 ਅਤੇ 18 ਮਾਰਚ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ ਲੱਗੇਗਾ, ਜਿਸ ਵਿਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਇਸ ਮੇਲੇ ਵਿਚ ਘੱਟੋ-ਘੱਟ 60 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਡਿਪਲੋਮਾ/ਗ੍ਰੈਜੂਏਟ/ਪੋਸਟ ਗ੍ਰੈਜੂਏਟ ਪ੍ਰਾਰਥੀ ਭਾਗ ਲੈ ਸਕਦੇ ਹਨ, ਜਿਸ ਲਈ 20 ਫਰਵਰੀ ਤੋਂ ਬਾਅਦ ., ਉੱਪਰ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਘੱਟੋ-ਘੱਟ ਤਿੰਨ ਲੱਖ ਰੁਪਏ ਸਾਲਾਨਾ ਪੈਕੇਜ ਦਿੱਤਾ ਜਾਵੇਗਾ। ਉਨਾਂ ਪੜੇ-ਲਿਖੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਉਨਾਂ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਇਸ ਮੇਲੇ ਵਿਚ ਵੱਧ ਤੋਂ ਵੱਧ ਯੋਗ ਪ੍ਰਾਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਉਨਾਂ ਹਦਾਇਤ ਕੀਤੀ ਕਿ ਹਰੇਕ ਵਿੱਦਿਅਕ ਸੰਸਥਾ ਇਸ ਸਬੰਧੀ ਇਕ ਨੋਡਲ ਅਫ਼ਸਰ ਨਿਯੁਕਤ ਕਰੇ, ਜੋ ਪ੍ਰਾਰਥੀਆਂ ਦੀ ਮੋਬੀਲਾਈਜ਼ੇਸ਼ਨ ਅਤੇ ਆਨਲਾਈਨ ਰਜਿਸਟਰ ਕਰਕੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ ਨੂੰ ਸੂਚਨਾ ਭੇਜਣ ਲਈ ਜਿੰਮੇਵਾਰ ਹੋਣਗੇ। ਇਸ ਮੌਕੇ ਉਨਾਂ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਰੁਜ਼ਗਾਰ ਮੇਲੇ ਸਬੰਧੀ ਸੁਝਾਅ ਵੀ ਲਏ। ਇਸ ਦੌਰਾਨ ਉਨਾਂ ਰੋਜ਼ਗਾਰ ਮੇਲੇ ਵਾਲੀ ਜਗਾ ਅਤੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਜ਼ਿਲਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਪੂਰਥਲਾ ਜ਼ਿਲੇ ਨਾਲ ਸਬੰਧਤ ਉਮੀਦਵਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ, ਪੰਜਵੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਨਾਲ ਸੰਪਰਕ ਕਰ ਸਕਦੇ ਹਨ।
ਇਸ ਦੌਰਾਨ ‘ਐਜੂਜ਼ਫੇਰੇ’ ਰਜਿਸਟ੍ਰੇਸ਼ਨ ਚੰਡੀਗੜ ਵੱਲੋਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ ਵਿਚ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਲਈ ਸ਼ੁਰੂ ਕੀਤੇ ਜਾਣ ਵਾਲੇ ਮੁਫ਼ਤ ਟ੍ਰੇਨਿੰਗ/ਕੋਚਿੰਗ ਬਾਰੇ ਪੇਸ਼ਕਾਰੀ ਵੀ ਦਿੱਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਜਲੰਧਰ ਸ੍ਰੀਮਤੀ ਸੁਨੀਤਾ ਕਲਿਆਣ, ਡਿਪਟੀ ਸੀ. ਈ. ਓ ਜਲੰਧਰ ਸ੍ਰੀ ਦੀਪਕ ਭੱਲਾ, ਜੀ. ਐਮ ਇੰਡਸਟਰੀ ਸ. ਬਲਵਿੰਦਰ ਸਿੰਘ, ਇੰਡਸਟਰੀ ਅਫਸਰ ਸ੍ਰੀ ਆਈ. ਕੇ ਸ਼ਰਮਾ, ਕੈਰੀਅਰ ਕਾੳੂਂਸਲਰ ਸ੍ਰੀ ਗੌਰਵ ਕੁਮਾਰ, ਸ੍ਰੀ ਨਿਪੁੰਨ ਸਿੰਘ, ਸ੍ਰੀ ਕਿਰਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਕੰਪਨੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ।