ਮੰਡੀਆਂ ਅੰਦਰ ਕੇਵਲ ਹੋਲਸੇਲ ਦੇ ਕੰਮ ਦੀ ਆਗਿਆ

ਗਾਹਕਾਂ ਤੇ ਦੁਕਾਨਦਾਰਾਂ ਨੂੰ ‘ਹੋਮ ਡਿਲਵਰੀ’ ਅਪਣਾਉਣ ਦਾ ਸੱਦਾ

ਫਗਵਾੜਾ (ਡਾ ਰਮਨ)
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਵਲੋਂ ਅੱਜ ਫਗਵਾੜਾ ਵਿਖੇ ਸਬਜ਼ੀ ਮੰਡੀ ਦਾ ਦੌਰਾ ਕਰਕੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਵਰਤਣ ਦੇ ਹੁਕਮ ਦਿੱਤੇ ਗਏ।

ਉਨ੍ਹਾਂ  ਬੱਸ ਸਟੈਂਡ ਕੋਲ ਟੈਸਟਿੰਗ ਸੈਂਟਰ, ਸਰਾਏ ਰੋਡ ਵਿਖੇ ਟੈਸਟਿੰਗ ਕੈਂਪ ਦਾ ਵੀ ਦੌਰਾ ਕਰਕੇ ਨਮੂਨੇ ਲੈਣ ਦੇ ਕੰਮ ਦਾ ਨਿਰੀਖਣ ਕੀਤਾ। 

ਦੋਹਾਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਬਜ਼ੀ ਮੰਡੀਆਂ ਵਿਚ ਕੇਵਲ ਹੋਲਸੇਲ ਦੇ ਕੰਮ ਦੀ ਆਗਿਆ ਹੈ ਅਤੇ ਪ੍ਰਚੂਨ ਦਾ ਕੰਮ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀਆਂ ਅੰਦਰ ਪਿਛਲੇ ਕੁਝ ਦਿਨਾਂ ਅੰਦਰ ਭੀੜ ਕਾਰਨ ਕੋਵਿਡ ਦੇ ਤੇਜੀ ਨਾਲ ਫੈਲਣ ਦਾ ਖਤਰਾ ਹੈ ਜਿਸ ਕਰਕੇ ਆਮ ਲੋਕਾਂ ਨੂੰ ਸਬਜ਼ੀਆਂ, ਫਲਾਂ ਦੀ ਉਪਲਬਧਤਾ ਯਕੀਨੀ ਬਣਾਉਣ ਤੇ ਕਿਸਾਨਾਂ ਦੇ ਉਤਪਾਦਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਮੰਡੀਆਂ ਅੰਦਰ ਹੋਲਸੇਲ ਦੇ ਕੰਮ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੇਹੜੀਆਂ ਵਾਲੇ ਹੋਮ ਡਿਲਵਰੀ ਰਾਹੀਂ ਘਰ-ਘਰ ਸਬਜ਼ੀ  ਆਦਿ ਪਹੁੰਚਾ ਸਕਦੇ ਹਨ। 

ਉਨ੍ਹਾਂ ਸਬਜ਼ੀ ਮੰਡੀ ਵਿਖੇ ਕੋਵਿਡ ਸੈਂਪਲਿੰਗ ਦੇ ਕੈਂਪਾਂ ਦਾ ਵੀ ਦੌਰਾ ਕੀਤਾ ਅਤੇ ਕਿਹਾ ਕਿ ਰੇਹੜੀਆਂ ਤੇ ਫੜ੍ਹੀਆਂ ਵਾਲਿਆਂ ਦੇ ਟੈਸਟ ਕੀਤੇ ਜਾਣ ਤਾਂ ਜੋ ਮੰਡੀਆਂ ਰਾਹੀਂ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਐਸ.ਐਸ.ਪੀ. ਕਪੂਰਥਲਾ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਕੋਵਿਡ ਨਿਯਮਾਂ ਦੀ ਪਾਲਣਾ ਤੇ ਭੀੜ-ਭਾੜ ਵਾਲੇ ਇਲਾਕਿਆਂ ਅੰਦਰ ਲਗਾਤਾਰ ਗਸ਼ਤ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਨ੍ਹਾਂ ਕਾਰਨ ਘੁੰਮਣ ਵਾਲੇ ਲੋਕਾਂ ਵਿਰੁੱਧ ਸਖਤੀ ਵਰਤੀ ਜਾ ਰਹੀ ਹੈ।   

ਉਨ੍ਹਾਂ ਆੜ੍ਹਤੀਆਂ, ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਲਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ । 

ਇਸ ਮੌਕੇ ਏ.ਡੀ.ਸੀ. ਫਗਵਾੜਾ ਸ੍ਰੀ ਰਾਜੀਵ ਵਰਮਾ, ਐਸ.ਪੀ. ਸਰਬਜੀਤ ਸਿੰਘ ਬਾਹੀਆ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ