ਫਗਵਾੜਾ,20 ਨਵੰਬਰ(ਅਜੈ ਕੋਛੜ) ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਵੱਧ ਰਹੇ ਹਾਦਸਿਆਂ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਐਕਸੀਡੈਂਟ ਹੋਇਆ ਰਹਿੰਦਾ ਹੈ ਜਿਸ ਕਾਰਨ ਖੂਨ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਕਈ ਵਾਰ ਜਖਮੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ। ਬੇਸ਼ੱਕ ਭਾਵੇਂ ਹੀ ਸਥਾਨਕ ਸ਼ਹਿਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਪੱਧਰ ਤੇ ਵੱਖ-ਵੱਖ ਥਾਵਾਂ ਤੇ ਖੂਨਦਾਨ ਕੈਂਪ ਲਗਾਅ ਲੋਕਾਂ ਦੀ ਖੂਨ ਦੀ ਘਾਟ ਨੂੰ ਪੂਰਾ ਕਰਨ ਦਾ ਯਤਨ ਕਰਦੀਆਂ ਹਨ ਪਰ ਫਿਰ ਵੀ ਬਲੱਡ ਬੈਂਕ ਸਿਵਲ ਹਸਪਤਾਲ ਫਗਵਾੜਾ ਵਿਖੇ ਖੂਨ ਦੀ ਵਧੇਰੇ ਘਾਟ ਅਕਸਰ ਆਏ ਦਿਨ ਮਹਿਸੂਸ ਕੀਤੀ ਜਾਂਦੀ ਹੈ। ਖੂਨਦਾਨ ਦੀ ਘਾਟ ਦੇ ਚੱਲਦਿਆਂ ਬਲੱਡ ਬੈਂਕ ਸਿਵਲ ਹਸਪਤਾਲ ਫਗਵਾੜਾ ਦੇ ਇੰਚਾਰਜ ਬੀ.ਟੀ.ਓ. ਡਾ.ਹਰਦੀਪ ਸਿੰਘ ਸੇਠੀ ਨੇ ਇੱਕ ਜਾਗਰੂਕਤਾ ਦੀ ਭਾਵਨਾ ਨਾਲ ਖੂਨਦਾਨ ਕਰਕੇ ਸਿਵਲ ਹਸਪਤਾਲ ਦੇ ਸਮੂਹ ਡਾਕਟਰਜ ਅਤੇ ਸਟਾਫ ਲਈ ਵੀ ਇੱਕ ਪ੍ਰੇਰਨਾ ਸਰੋਤ ਬਣੇ ਹਨ। ਇਸ ਮੌਕੇ ਡਾ ਸੇਠੀ ਨੇ ਕਿਹਾ ਕਿ ਜੇਕਰ ਸਰਕਾਰੀ ਹਸਪਤਾਲਾਂ ਦੇ ਸਮੂਹ ਡਾਕਟਰਜ ਅਤੇ ਸਟਾਫ ਇਸ ਮਹਾਨ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ ਤਾਂ ਮੈਂ ਸਮਝਦਾ ਹਾਂ ਕਿ ਸਰਕਾਰੀ ਹਸਪਤਾਲਾਂ ਵਿੱਚ ਖੂਨ ਦੀ ਘਾਟ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਰੂਰਤ ਵੇਲੇ ਦਿੱਤਾ ਖੂਨ ਇਨਸਾਨੀ ਜ਼ਿੰਦਗੀ ਨੂੰ ਬਚਾਉਣ ਵਿੱਚ ਸਹਾਈ ਹੁੰਦਾ ਹੈ ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਤੋਂ ਉਹ ਕਦੇ ਵੀ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਸਮੂਹ ਨੌਜਵਾਨ ਪੀੜ੍ਹੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਤੇ ਆਪਣੇ ਬੱਚਿਆ ਤੇ ਰਿਸ਼ਤੇਦਾਰਾਂ ਦੇ ਜਨਮ ਦਿਨ ਅਤੇ ਮੈਰਿਜ ਐਨੀਵਰਸਰੀ ਮੌਕੇ ਖੂਨਦਾਨ ਕਰਨ ਦੀ ਆਦਤ ਨੂੰ ਅਪਨਾਉਣ ਤਾਂ ਜੋ ਹਰ ਲੋੜਵੰਦ ਦੀ ਜਰੂਰਤ ਨੂੰ ਪੂਰਾ ਕਰ ਉਸਦੀ ਮਦਦ ਕੀਤੀ ਜਾ ਸਕੇ।