ਫਗਵਾੜਾ (ਡਾ ਰਮਨ ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਅਤੇ ਪੰਜਾਬ ਅਧੀਨ ਚਲ ਰਹੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ ‘ਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਦੀ ਕੋਰੋਨਾ ਲਾਕਡਾਉਨ ਪੀਰੀਅਡ ‘ਚ ਦੋ ਮਹੀਨੇ ਦੀ ਟਿਊਸ਼ਨ ਫੀਸ ਮਾਫ ਕਰਨ ਦੇ ਨਾਲ ਹੀ ਸਲਾਨਾ ਦਾਖਲਾ ਫੀਸ ਨਾ ਲੈਣ ਦੇ ਫੈਸਲੇ ਨੂੰ ਸਮਾਜ ਸੇਵਕ ਬੀ.ਕੇ. ਰੱਤੂ ਨੇ ਸਕੂਲ ਪ੍ਰਬੰਧਕ ਕਮੇਟੀ ਦਾ ਇਤਿਹਾਸਕ ਫੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਯੂ.ਕੇ. ਦੇ ਪ੍ਰਧਾਨ ਖੁਸ਼ਵਿੰਦਰ ਬਿੱਲਾ, ਪੰਜਾਬ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਵਲੋਂ ਲਿਆ ਫੈਸਲਾ ਸ਼ਲਾਘਾਯੋਗ ਹੈ। ਇਸ ਤੋਂ ਇਲਾਵਾ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਪਹਿਲਾ ਸਕੂਲ ਹੋਵੇਗਾ ਜਿੱਥੇ ਕੋਰੋਨਾ ਆਫਤ ‘ਚ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਵੀ ਕੀਤੀ ਗਈ ਹੈ। ਰੱਤੂ ਨੇ ਕਿਹਾ ਕਿ ਸਕੂਲ ਦੀ ਇਸ ਦਰਿਆਦਿਲੀ ਨੂੰ ਵਿਦਿਆਰਥੀਆਂ ਦੇ ਮਾਪੇ ਹਮੇਸ਼ਾ ਯਾਦ ਰੱਖਣਗੇ ਜਿਹਨਾਂ ਲਈ ਔਖੀ ਘੜੀ ਵਿਚ ਸਕੂਲ ਨੇ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਹੋਰ ਪ੍ਰਾਈਵੇਟ ਸਕੂਲਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਂਦੇ ਹੋਏ ਵਿਦਿਆਰਥੀਆਂ ਦੇ ਦਾਖਲੇ ਅਤੇ ਟਿਉਸ਼ਨ ਫੀਸ ਮਾਫ ਕਰਨ ਦੀ ਅਪੀਲ ਕੀਤੀ ਹੈ।