Home Punjabi-News ਟ੍ਰੰਪ ਨੇ ਇਮੀਗਰੇਸ਼ਨ ਵੀਜ਼ਾ ਦੇ ਚਾਹਵਾਨਾਂ ਲਈ ਹੋਰ ਕੱਸਿਆ ਸਿਕੰਜਾ – ਹਜ਼ਾਰਾਂ...

ਟ੍ਰੰਪ ਨੇ ਇਮੀਗਰੇਸ਼ਨ ਵੀਜ਼ਾ ਦੇ ਚਾਹਵਾਨਾਂ ਲਈ ਹੋਰ ਕੱਸਿਆ ਸਿਕੰਜਾ – ਹਜ਼ਾਰਾਂ ਭਾਰਤੀਆਂ ‘ਤੇ ਅਸਰ ਪੈਣ ਦਾ ਖਦਸ਼ਾ

ਅਮਰੀਕਾ ਵੱਲੋਂ ਬਣਾਏ ਗਏ ਨਵੇਂ ਵੀਜ਼ਾ ਨਿਯਮ ਕਾਰਨ ਹਜ਼ਾਰਾਂ ਭਾਰਤੀਆਂ ਦੀ ਇਮੀਗਰੇਸ਼ਨ ਵੀਜ਼ਾ ਹਾਸਲ ਕਰਕੇ ਅਮਰੀਕਾ ਵਸਣ ਦੀ ਇੱਛਾ ‘ਤੇ ਮਾਰ ਪੈ ਸਕਦੀ ਹੈ। ਨਵੰਬਰ ਵਿਚ ਲਾਗੂ ਹੋ ਰਹੇ ਇਹਨਾਂ ਨਿਯਮਾਂ ਦੇ ਤਹਿਤ ਜੇਕਰ ਵਿਅਕਤੀ ਕੋਲ ਹੈਲਥ ਇੰਸ਼ਿਓਰੰਸ ਨਹੀਂ ਹੈ ਜਾਂ ਉਹ ਆਪਣੇ ਮੈਡੀਕਲ ਖਰਚੇ ਪੂਰੇ ਨਹੀਂ ਕਰ ਸਕਦਾ ਤਾਂ ਉਸਨੂੰ ਇਮੀਗਰੇਸ਼ਨ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇਸ ਨਵੇਂ ਨਿਯਮ ਦਾ ਮੁੱਖ ਮਕਸਦ ਅਮਰੀਕਾ ਵਿਚ ਲਗਾਤਾਰ ਵੱਧ ਰਹੇ ਪ੍ਰਵਾਸੀਆਂ ਦੇ ਬੋਝ ਨੂੰ ਘੱਟ ਕਰਨਾ ਹੈ।
ਨਵੇਂ ਨਿਯਮ ਵਿਦੇਸ਼ਾਂ ਵਿਚੋਂ ਆਉਣ ਵਾਲੇ ਉਹਨਾਂ ਵੀਜ਼ਾ ਬਿਨੈਕਾਰਾਂ ‘ਤੇ ਲਾਗੂ ਹੋਣਗੇ ਜਿਹੜੇ ਇਮੀਗਰੇਸ਼ਨ ਵੀਜ਼ਾ ਬਿਨੈਕਾਰ ਹਨ। ਇਹਨਾਂ ਵਿਚ ਜ਼ਿਆਦਾਤਰ ਉਹ ਹਨ ਜਿਹਨਾਂ ਦੇ ਨੇੜਲੇ ਰਿਸ਼ਤੇਦਾਰ ਉਹਨਾਂ ਨੂੰ ਸਪਾਂਸਰ ਕਰਦੇ ਹਨ। ਇਹਨਾਂ ਵਿਚ ਉਹ ਸ਼ਾਮਲ ਨਹੀਂ ਹਨ ਜਿਹੜੇ ਪਹਿਲਾਂ ਹੀ ਅਮਰੀਕਾ ਵਿਚ ਮੌਜੂਦ ਹਨ ਜਿਵੇਂ ਕਿ ਐਚ-1 ਬੀ ਵੀਜ਼ਾ ਹੋਲਡਰ ਜਿਹਨਾਂ ਦੀਆਂ ਗ੍ਰੀਨ ਕਾਰਡ ਅਰਜ਼ੀਆਂ ਉਹਨਾਂ ਦੇ ਅਮਰੀਕੀ ਐਮਪਲਾਇਰਜ਼ ਵੱਲੋਂ ਸਪਾਂਸਰ ਕੀਤੀਆਂ ਹਨ।
ਅੰਦਾਜ਼ਾ ਹੈ ਕਿ ਨਵੇਂ ਨਿਯਮਾਂ ਨਾਲ 23000 ਭਾਰਤੀਆਂ ਦੇ ਪ੍ਰਭਾਵਤ ਹੋਣ ਦਾ ਖਦਸ਼ਾ ਹੈ। ਜ਼ਰੂਰੀ ਨਹੀਂ ਕਿ ਇਮੀਗਰੇਸ਼ਨ ਵੀਜ਼ੇ ਤੋਂ ਇਨਕਾਰ ਹੋ ਜਾਵੇ ਪਰ ਉਹ ਪ੍ਰਭਾਵਤ ਹੋ ਸਕਦੇ ਹਨ। ਅਮਰੀਕਾ ਵਿਚ ਹਰ ਸਾਲ ਪਰਿਵਾਰਾਂ ਵੱਲੋਂ ਸਪਾਂਸਰ ਕੀਤੇ 35 ਹਜ਼ਾਰ ਪਰਵਾਸੀ ਅਮਰੀਕਾ ਆਉਂਦੇ ਹਨ। ਇਹ ਜਦੋਂ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਹਨ ਤਾਂ ਇਹਨਾਂ ਵਿਚੋਂ ਇਕ ਤਿਹਾਈ ਪਹਿਲਾਂ ਹੀ ਅਮਰੀਕਾ ਪੁੱਜ ਚੁੱਕੇ ਹੁੰਦੇ ਹਨ ਜਦਕਿ ਬਾਕੀ ਭਾਰਤ ਤੋਂ ਆਉਂਦੇ ਹਨ। ਨਵੇਂ ਨਿਯਮ 3 ਨਵੰਬਰ ਤੋਂ ਲਾਗੂ ਹੋਣਗੇ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਆਪਣੇ ਹੁਕਮ ਵਿਚ ਆਖਿਆ ਕਿ ਬਾਹਰੋਂ ਆਉਣ ਵਾਲੇ ਪਰਵਾਸੀ ਸਾਡੀ ਸਿਹਤ ਸੰਭਾਲ ਪ੍ਰਣਾਲੀ ਅਤੇ ਆਖਿਰਕਾਰ ਅਮਰੀਕਾ ਦੇ ਟੈਕਸ ਅਦਾਕਾਰਾਂ ‘ਤੇ ਹੋਰ ਬੋਝ ਨਹੀਂ ਹੋਣੇ ਚਾਹੀਦੇ ।
ਟਰੰਪ ਸਰਕਾਰ ਦਾ ਮੰਨਣਾ ਹੈ ਕਿ ਬਾਹਰੋਂ ਆਉਣ ਵਾਲੇ ਪਰਵਾਸੀ ਉਸਦੀ ਸਿਹਤ ਸੰਭਾਲ ਪ੍ਰਣਾਲੀ ‘ਤੇ ਬੋਝ ਬਣ ਰਹੇ ਹਨ ਅਤੇ ਪਿਛਲੇ 10 ਸਾਲਾਂ ਦੌਰਾਨ ਉਸਨੂੰ ਹਰ ਸਾਲ 35 ਬਿਲੀਅਨ ਡਾਲਰ ਇਸ ‘ਤੇ ਖਰਚ ਕਰਨੇ ਪੈ ਰਹੇ ਹਨ। ਉਸਦਾ ਮੰਨਣਾ ਹੈ ਕਿ ਗੈਰ ਨਾਗਰਿਕ ਵੱਡੀ ਗਿਣਤੀ ‘ਚ ਲਿਬਰਲ ਸਿਹਤ ਸੰਭਾਲ ਪ੍ਰੋਗਰਾਮਾਂ ਦਾ ਲਾਭ ਲੈ ਜਾਂਦੇ ਹਨ ਜਦਕਿ ਨਾਗਰਿਕ ਵਾਂਝੇ ਰਹਿ ਜਾਂਦੇ ਹਨ।