ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।
ਇਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਟਰੂਡੋ ਨੇ ਦੱਸਿਆ ਕਿ ਅਸੀਂ ਕੋਰੋਨਾ ਦਾ ਟਾਕਰਾ ਕਰਦਿਆਂ ਕੌਮਾਂਤਰੀ ਸਹਿਯੋਗ ਦੀ ਲੋੜ, ਸਾਡੇ ਅਰਥਚਾਰਿਆ ਨੂੰ ਸਥਿਰ ਕਰਨ, ਬਿਮਾਰੀ ਦੇ ਇਲਾਜ ਤੇ ਇਸਦੀ ਵੈਕਸੀਨ ਲੱਭਣ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਨੋਵਾ ਸਕੋਸ਼ੀਆ ਸ਼ੂਟਿੰਗ ਹਾਦਸੇ ਵਿਚ ਕੈਨੇਡੀਆਈ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਟਰੂਡ ਨੇ ਮੋਦੀ ਦਾ ਧੰਨਵਾਦ ਕੀਤਾ ਤੇ ਕੈਨੇਡੀਆਈ ਲੋਕਾਂ ਵਿਚ ਸਬਰ, ਸੰਤੋਖ਼ ਤੇ ਮਜ਼ਬੂਤੀ ਬਾਰੇ ਜਾਣਕਾਰੀ ਦਿੱਤੀ।
ਦੋਵਾਂ ਆਗੂਆਂ ਨੇ ਕੋਰੋਨਾ ਦੇ ਟਾਕਰੇ ਲਈ ਕੀਤੇ ਜਾ ਰਹੇ ਯਤਨਾਂ ਅਤੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਅਤੇ ਲੋਕਾਂ ਦੀ ਆਰਥਿਕ ਮਦਦ ਲਈ ਕੀਤੇ ਜਾ ਰਹੇ ਯਤਨਾ ‘ਤੇ ਵੀ ਚਰਚਾ ਕੀਤੀ। ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਵਿਚ ਫਸੇ ਕੈਨੇਡੀਆਈ ਲੋਕਾਂ ਨੂੰ ਵਾਪਸ ਭੇਜਣ ਲਈ ਕੀਤੇ ਜਾ ਰਹੇ ਯਤਨਾਂ ਅਤੇ ਭਾਰਤ ਵੱਲੋਂ ਜ਼ਰੂਰੀ ਦਵਾਈਆਂ ਦੀ ਬਰਾਮਦ ਲਈ ਕੀਤੇ ਯਤਨਾਂ ਦੀ ਸਲਾਘਾ ਕੀਤੀ। ਦੋਵਾਂ ਆਗੂਆਂ ਵਿਚ ਆਪਸੀ ਸਹਿਯੋਗ ਹੋਰ ਵਧਾਉਣ ‘ਤੇ ਸਹਿਮਤੀ ਹੋਈ ਤੇ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਦੋਵਾਂ ਨੇਤਾਵਾਂ ਨੇ ਕੋਰੋਨਾ ਦੇ ਟਾਕਰੇ ਅਤੇ ਵਿਸ਼ਵ ਅਰਥਚਾਰੇ ਨੂੰ ਸਥਿਰ ਕਰਨ ਲਈ ਕੌਮਾਂਤਰੀ ਸਹਿਯੋਗ ਜਿਸ ਵਿਚ ਜੀ 20 ਰਾਹੀਂ ਸਹਿਯੋਗ ਵੀ ਸ਼ਾਮਲ ਹੈ, ਦੀ ਲੋੜ ‘ਤੇ ਜ਼ੋਰ ਦਿੱਤਾ। ਦੋਵਾਂ ਨੇ ਇਸ ਬਿਮਾਰੀ ਦੇ ਟਾਕਰੇ ਲਈ ਮੈਡੀਕਲ ਸਾਜ਼ੋ ਸਮਾਨ ਤੇ ਹੋਰ ਅਹਿਮ ਵਸਤਾਂ ਦੀ ਨਿਰੰਤਰ ਸਪਲਾਈ ‘ਤੇ ਵੀ ਚਰਚਾ ਕੀਤੀ ਤੇ ਬਿਮਾਰੀ ਦੀ ਸ਼ਨਾਖਤ, ਇਲਾਜ ਤੇ ਇਸਦੇ ਲਈ ਦਵਾਈਆਂ ਦੇ ਵਿਕਾਸ ਵਾਸਤੇ ਕੌਮਾਂਤਰੀ ਸਹਿਯੋਗ ਤੇਜ਼ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।