ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਕੋਰਾ ਝੂਠ ਬੋਲੇ ਜਾਣ ਨੂੰ ਸਾਹਮਣੇ ਦਿਸਦੀ ਹਾਰ ਕਾਰਨ ਬੁਖਲਾਹਟ ਦੀ ਨਿਸ਼ਾਨੀ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿੱਚ ਭਲਕੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਵੋਟਰਾਂ ਹੱਥੋਂ ਇਕ ਹੋਰ ਹਾਰ ਸਹਿਣ ਲਈ ਤਿਆਰ ਰਹਿਣ ਵਾਸਤੇ ਆਖਿਆ।
ਮੁੱਖ ਮੰਤਰੀ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਇਕ ਹੋਰ ਹੂੰਝਾ ਫੇਰ ਜਿੱਤ ਦਾ ਭਰੋਸਾ ਜ਼ਾਹਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀ ਤਾਜ਼ਾ ਟਿੱਪਣੀ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਅਕਾਲੀ ਲੀਡਰ ਪੂਰੀ ਤਰਾਂ ਬੁਖਲਾਇਆ ਹੋਇਆ ਹੈ।
ਸੂਬੇ ਵਿੱਚ ਕਾਂਗਰਸ ਸਰਕਾਰ ਦੌਰਾਨ ਕੋਈ ਵਿਕਾਸ ਕਾਰਜ ਨਾ ਹੋਣ ਬਾਰੇ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਆਖਿਆ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਪੰਜਾਬ ਦਾ ਬੇੜਾ ਗਰਕ ਕਰਨ ਤੋਂ ਬਿਨਾਂ ਹੋਰ ਕੱਖ ਨਹੀਂ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਤੁਹਾਨੂੰ (ਸੁਖਬੀਰ ਬਾਦਲ) ਤਾਂ ਵਿਕਾਸ ਦਾ ਮਤਲਬ ਵੀ ਪਤਾ ਨਹੀਂ ਹੋਣਾ।’’ ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਢਾਈ ਸਾਲਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਇਕ ਦਹਾਕੇ ਦੇ ਕਾਰਜਕਾਲ ਨਾਲੋਂ ਵੱਧ ਕੰਮ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਪਾਰਟੀ ਦੀ ਸਰਕਾਰ ਵੇਲੇ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਮੌਜੂਦਾ ਸਰਕਾਰ ਬਾਰੇ ਝੂਠ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਦੇ ਇਸ ਝੂਠ ਦੇ ਪੁਲੰਦੇ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰੱਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਵੀ ਇਨਾਂ ਨੂੰ ਬੁਰੀ ਤਰਾਂ ਨਕਾਰਿਆ।
ਉਨਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਲੋਕਾਂ ਦੇ ਫਤਵੇ ਬਾਰੇ ਦਿੱਤੇ ਬਿਆਨ ਦੇ ਸੁਖਬੀਰ ਬਾਦਲ ਵੱਲੋਂ ਕੱਢੇ ਅਰਥਾਂ ’ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਹਰੇਕ ਚੋਣ ਨੂੰ ਫਤਵਾ ਦੱਸਣ ਲਈ ਅਕਾਲੀਆਂ ਦੇ ਤਰਕ ’ਤੇ ਵੀ ਹੈਰਾਨੀ ਜ਼ਾਹਰ ਕੀਤੀ। ਉਨਾਂ ਕਿਹਾ,‘‘ਮੇਰੀ ਸਰਕਾਰ ਨੂੰ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਕੰਮਾਂ ਤੇ ਲੋਕ ਭਲਾਈ ਕਾਰਜਾਂ ਦੀ ਪੁਸ਼ਟੀ ਕਰਵਾਉਣ ਲਈ ਕਿਸੇ ਫਤਵੇ ਦੀ ਲੋੜ ਨਹੀਂ ਅਤੇ ਕਾਂਗਰਸ ਸਰਕਾਰ ਇਸੇ ਤਰਾਂ ਆਪਣੇ ਲੋਕਾਂ ਦੀ ਸੇਵਾ ਕਰਦੀ ਰਹੇਗੀ।’’
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਅਜੇ ਆਪਣੇ ਕਾਰਜਕਾਲ ਦਾ ਅੱਧਾ ਸਮਾਂ ਪੂਰਾ ਕੀਤਾ ਹੈ ਅਤੇ ਬਾਕੀ ਰਹਿੰਦੇ ਸਮੇਂ ਵਿੱਚ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੁਖਬੀਰ ਬਾਦਲ ਕਲਪਨਾ ਵੀ ਨਹੀਂ ਕਰ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਸਪਸ਼ਟ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਿਰਾਸ਼ਾ ਤੇ ਬੇਚੈਨੀ ਨਜ਼ਰ ਆਉਂਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਦੇ ਭੁੱਖੇ ਬਾਦਲਾਂ ਲਈ ਭਾਵੇਂ ਹਰ ਚੋਣ ਲੋਕਾਂ ਦਾ ਫਤਵਾ ਹੋਵੇ ਕਿਉਂ ਜੋ ਇਸ ਨਾਲ ਉਨਾਂ ਨੇ ਆਪਣੀ ਹੋਂਦ ਦਰਸਾਉਣੀ ਹੁੰਦੀ ਹੈ ਪਰ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮ ਆਪਣੇ ਆਪ ’ਚ ਹੀ ਫਤਵਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਫਤਵੇ ਦੀ ਗੱਲ ਕਰਨੀ ਹੈ ਤਾਂ ਸਾਲ 2022 ਵਿੱਚ ਪਤਾ ਲੱਗੇਗਾ ਜਦੋਂ ਉਨਾਂ ਦੀ ਸਰਕਾਰ ਆਪਣਾ ਕਾਰਜਕਾਲ ਮੁਕੰਮਲ ਕਰ ਲਵੇਗੀ ਅਤੇ ਵਿਕਾਸ ਦੇ ਏਜੰਡੇ ਨੂੰ ਲੈ ਕੇ ਕਾਂਗਰਸ ਪਾਰਟੀ ਮੁੜ ਵੋਟਰਾਂ ਕੋਲ ਜਾਵੇਗੀ। ਉਨਾਂ ਕਿਹਾ ਕਿ ਅਕਾਲੀਆਂ ਦੇ ਨਾਂਹ ਪੱਖੀ ਚੋਣ ਏਜੰਡੇ ਨਾਲ ਕਿਸੇ ਵੀ ਚੋਣ ਵਿੱਚ ਉਨਾਂ ਲਈ ਚੰਗੇ ਨਤੀਜੇ ਸਾਹਮਣੇ ਨਹੀਂ ਆਉਣਗੇ।