ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ


ਸ਼ਾਹਕੋਟ/ਮਲਸੀਆਂ, 10 ਅਕਤੂਬਰ ਸ਼ਾਹਕੋਟ ਦੇ ਭੀੜਾ ਬਜ਼ਾਰ ’ਚ ਅੱਜ ਰਾਤ ਕਰੀਬ 8.15 ਵਜੇ ਚਾਚੇ-ਤਾਏ ਦੇ ਪੁੱਤਰਾਂ ਵਿਚ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਤਕਰਾਰ ਹੋ ਗਿਆ, ਜਿਸ ਦੌਰਾਨ ਦੋ ਔਰਤਾਂ ਸਮੇਤ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਸ਼ਾਹਕੋਟ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੇਮੰਤ ਵਡਹੈਰਾ ਉਰਫ ਚੀਨੂੰ ਪੁੱਤਰ ਸੁਭਾਸ਼ ਚੰਦਰ ਵਾਸੀ ਭੀੜਾ ਬਜ਼ਾਰ ਸ਼ਾਹਕੋਟ ਨੇ ਦੱਸਿਆ ਕਿ ਮੈਂ ਘਰ ਦੇ ਨੇੜੇ ਖੜਾ ਸੀ ਕਿ ਰਾਮ ਤੇ ਪਿ੍ਰੰਸ ਪੁੱਤਰ ਭੀਮ ਸੈਨ ਵਡਹੈਰਾ ਨੇ ਮੇਰੇ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਭੀਮ ਸੈਨ, ਉਸਦੀ ਪਤਨੀ ਤੇ ਬੇਟੀ ਵੀ ਮੈਨੂੰ ਬੁਰੀ ਤਰਾਂ ਮਾਰਨ ਲੱਗੇ, ਜਦੋਂ ਮੇਰੀ ਮਾਂ ਗੀਤਾ ਵਡਹੈਰਾ ਮੈਨੂੰ ਛੁੜਵਾਉਣ ਆਈ ਤਾਂ ਉਨਾਂ ਨੇ ਉਸਦੇ ਵੀ ਕੋਈ ਜ਼ੋਰਦਾਰ ਚੀਜ਼ ਮਾਰ ਦਿੱਤੀ। ਉਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ ਸਿਰ ’ਤੇ ਬੁਰੀ ਤਰਾਂ ਵਾਰ ਕੀਤੇ ਅਤੇ ਮੇਰੀ ਉਗਲ ਵੀ ਵੱਢ ਦਿੱਤੀ। ਉਧਰ ਦੂਸਰੇ ਪਾਸੇ ਹਸਪਤਾਲ ’ਚ ਜੇਰੇ ਇਲਾਜ ਰਾਮ ਪੁੱਤਰ ਭੀਮ ਸੈਨ ਵਡਹੈਰਾ ਵਾਸੀ ਭੀੜਾ ਬਜ਼ਾਰ ਸ਼ਾਹਕੋਟ ਨੇ ਦੱਸਿਆ ਕਿ ਮੈਂ ਦੁਕਾਨ ਵਧਾ ਕੇ ਘਰ ਜਾ ਰਿਹਾ ਸੀ ਕਿ ਹੇਮੰਤ ਵਡਹੈਰਾ ਨਾਲ 7-8 ਲੜਕੇ ਖੜੇ ਸਨ ਤੇ ਇਹ ਮੈਨੂੰ ਧਮਕੀਆਂ ਦੇਣ ਲੱਗਾ। ਇਸ ਦੌਰਾਨ ਉਸਨੇ ਮੇਰੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ। ਰੌਲਾ ਸੁਣ ਕੇ ਮੇਰੀ ਮਾਂ ਅਨੂੰ ਵਡਹੈਰਾ ਛੁਡਾਉਣ ਆਈ ਤਾਂ ਹੇਮੰਤ ਨੇ ਉਸ ਦੇ ਵੀ ਕੋਈ ਜ਼ੋਰਦਾਰ ਚੀਜ਼ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਹਸਪਤਾਲ ’ਚ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰਾਂ ਵਲੋਂ ਹੇਮੰਤ ਵਡਹੈਰਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ’ਤੇ ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਸੁਰਿੰਦਰ ਕੁਮਾਰ, ਐੱਸ.ਆਈ. ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ਰਿਹਾਨ ਮੌਕੇ ’ਤੇ ਪੁੱਜੇ। ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ