Home Punjabi-News ਜੋਗਿੰਦਰ ਸਿੰਘ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਖੁੱਲੀ ਬਹਿਸ...

ਜੋਗਿੰਦਰ ਸਿੰਘ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਖੁੱਲੀ ਬਹਿਸ ਦੀ ਦਿੱਤੀ ਚੁਣੋਤੀ

ਭਾਜਪਾ ਦੀ ਫੁੱਟ ਪਾਓ ਨੀਤੀ ਨੂੰ ਲੋਕਾਂ ‘ਚ ਉੱਭਰ ਰਹੇ ਗੁੱਸੇ ਲਈ ਦੱਸਿਆ ਜਿੰਮੇਵਾਰ
ਫਗਵਾੜਾ(ਡਾ ਰਮਨ ) ਸਾਬਕਾ ਮੰਤਰੀ ਪੰਜਾਬ ਅਤੇ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਸ੍ਰ.ਜੋਗਿੰਦਰ ਸਿੰਘ ਮਾਨ ਨੇ ਅੱਜ ਸੂਬਾ ਦੇ ਬੀ.ਜੇ.ਪੀ.ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕੇਂਦਰ ਸਰਕਾਰ ਦੀਆਂ ਫੁੱਟ ਪਾਓ ਤੇ ਲੋਕ ਵਿਰੋਧੀ ਨੀਤੀਆਂ ਜੋ ਕਿ ਦੇਸ਼ ਅਤੇ ਖਾਸ ਕਰਕੇ ਸੂਬਿਆਂ ਨੂੰ ਤਰੱਕੀ ਦੀ ਬਜਾਏ ਪਿੱਛੇ ਧੱਕ ਰਹੀਆਂ ਹਨ ‘ਤੇ ਖੁੱਲੀ ਬਹਿਸ ਦਾ ਸੱਦਾ ਦਿੱਤਾ ਗਿਆ। ਅੱਜ ਜਾਰੀ ਬਿਆਨ ਵਿੱਚ ਸਾਬਕਾ ਮੰਤਰੀ ਸ੍ਰ.ਮਾਨ ਨੇ ਕਿਹਾ ਕਿ ਭਾਵੇਂ ਉਹ ਰਾਜਨੀਤੀ ਵਿੱਚ ਹਿੰਸਾ ਦਾ ਸਮਰਥੱਨ ਨਹੀਂ ਕਰਦੇ ਪਰ ਇਹ ਲੜਾਈ ਆਦਰਸ਼ਾਂ ਅਤੇ ਵਿਚਾਰਧਾਰਾ ਦੀ ਲੜਾਈ ਹੈ ਅਤੇ ਬੀ.ਜੇ.ਪੀ.ਆਗੂ ‘ਤੇ ਹਮਲਾ ਹੋਣਾ ਸੂਬੇ ਭਰ ਵਿੱਚ ਬੀ.ਜੇ.ਪੀ.ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕਾਂ ਦੇ ਜਬਰਦਸਤ ਰੋਹ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਆਗੂ ਇਨਾਂ ਨੀਤੀਆਂ ਜੋ ਕਿ ਆਮ ਆਦਮੀ ਨੂੰ ਤਬਾਹ ਕਰ ਰਹੀਆਂ ਹਨ ਨਾਲ ਸਹਿਮਤੀ ਜਤਾਉਣਗੇ ਤਾਂ ਲੋਕ ਉਨਾ ਤੋਂ ਬਦਲਾ ਲੈਣਗੇ। ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਸ਼ੁਰੂ ਤੋਂ ਹੀ ਲੋਕਾਂ ਵਿੱਚ ਫੁੱਟ ਪਾਉਣ ਅਤੇ ਭਾਈਚਾਰਕ ਨਫ਼ਰਤ ਪੈਦਾ ਕਰਨ ਦੀ ਧਾਰਨੀ ਰਹੀ ਹੈ। ਚੇਅਰਮੈਨ ਪੰਜਾਬ ਐਗਰੋ ਇੰਡਰਸਟਰੀ ਕਾਰਪੋਰੇਸ਼ਨ ਨੇ ਕਿਹਾ ਕਿ ਨੋਟਬੰਦੀ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਇਕ ਪਾਸੇ ਰੱਖ ਕੇ ਅਤੇ ਲੋਕਾਂ ਦੇ ਸੁਪਨਿਆਂ ਦਾ ਘਾਣ ਕਰਕੇ ਆਪਣਾ ਫਾਇਦਾ ਲੈਣ ਲਈ ਦੇਸ਼ ਵਾਸੀਆਂ ਨਾਲ ਅੱਛੇ ਦਿਨ ਲਿਆਉਣ ਦੇ ਝੂਠੇ ਵਾਅਦੇ ਕੀਤੇ ਗਏ ਅਤੇ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਨੂੰ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਜੇ.ਪੀ.ਆਗੂ ‘ਤੇ ਹਮਲਾ ਹੋਣਾ ਸੁਭਾਵਿਕ ਸੀ ਕਿਉਂਕਿ ਸੂਬੇ ਦੇ ਕਿਸਾਨ ਆਪਣਾ ਅਪਮਾਨ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ ਕਿ ਮੋਦੀ ਸਰਕਾਰ ਵਲੋਂ ਉਨ੍ਹਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਦਿੱਤਾ ਗਿਆ ਪਰ ਉਹ ਗੱਲਬਾਤ ਲਈ ਆਪ ਹੀ ਨਹੀਂ ਆਏ। ਸ੍ਰੀ ਮਾਨ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਤੋਂ ਇਲਾਵਾ , ਦਲਿਤਾਂ ਦੀਆਂ ਬੇਟੀਆਂ ‘ਤੇ ਵੱਧ ਰਹੇ ਸਰੀਰਿਕ ਪਤਾੜਨਾ ਦੇ ਕੇਸ ਉਨਾਂ ਦੇ ਮਾਨ ਸਨਮਾਨ ‘ਤੇ ਹਮਲਾ ਹਨ, ਦਲਿਤਾਂ ‘ਤੇ ਅਤਿਆਚਾਰ ਕਰਨਾ ਅਤੇ ਹੋਰ ਕਈ ਅਜਿਹੇ ਕਾਰਨ ਹਨ ਜਿਨਾਂ ਕਰਕੇ ਲੋਕ ਬੀ.ਜੇ.ਪੀ.ਆਗੂਆਂ ਦੇ ਖਿਲਾਫ਼ ਰੋਸ ਵਿਖਾਵਾ ਕਰਨ ਲਈ ਤਿਆਰ ਹੋਏ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਅਸ਼ਵਨੀ ਸ਼ਰਮਾ ਨੂੰ ਇਨਾਂ ਮਸਲਿਆਂ ‘ਤੇ ਆਪਣੀ ਪਾਰਟੀ ਦੀ ਭੂਮਿਕਾ ‘ਤੇ ਕੋਈ ਸ਼ੱਕ ਹੈ ਤਾਂ ਬੀ.ਜੇ.ਪੀ.ਆਗੂ ਨੂੰ ਕਦੇ ਵੀ ਇਸ ‘ਤੇ ਖੁੱਲੀ ਬਹਿਸ ਕਰਨ ਦਾ ਸੱਦਾ ਹੈ। ਉਨ੍ਹਾਂ ਕਿਹਾ ਕਿ ” ਜੇਕਰ ਅਸ਼ਵਨੀ ਜੀ ਗਹਿਰੀ ਨੀਂਦ ਵਿੱਚ ਹਨ ਤਾਂ ਮੈ ਉਨਾ ਨੂੰ ਉਨ੍ਹਾਂ ਦੀ ਪਾਰਟੀ ਵਲੋਂ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਹੈ ਬਾਰੇ ਜਾਣੂੰ ਕਰਵਾਵਾਂਗਾ , ਜਿਸ ਕਰਕੇ ਉਨਾ ਨੂੰ ਲੋਕ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।