* ਪੈਟਰੋਲ-ਡੀਜ਼ਲ ਦੀ ਕੀਮਤ ਘਟਾਉਣ ਸਬੰਧੀ ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ
ਫਗਵਾੜਾ (ਡਾ ਰਮਨ ) ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਸ੍ਰ.ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਇੱਕ ਵਫ਼ਦ ਵਲੋਂ ਅੱਜ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ 5 ਮਾਰਚ 2020 ਤੋਂ ਵਧਾਈ ਗਈ ਐਕਸਾਈਜ਼ ਡਿਊਟੀ ਨੂੰ ਤੁਰੰਤ ਵਾਪਿਸ ਲੈਣ ਲਈ ਮੋਦੀ ਸਰਕਾਰ ਨੂੰ ਹਦਾਇਤ ਕਰਨ। ਸ੍ਰ.ਮਾਨ ਦੀ ਅਗਵਾਈ ਵਿੱਚ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ‘ਤੇ ਮੈਮੋਰੈਂਡੰਮ ਸੌਂਪਿਆ ਗਿਆ।। ਮੈਮੋਰੈਂਡੰਮ ਵਿੱਚ ਕਾਂਗਰਸੀ ਆਗੂਆਂ ਨੇ ਕਿਹਾ ਕਿ ਬਿਨਾਂ ਵਜਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਕੇਂਦਰੀ ਐਕਸਾਈਜ਼ ਡਿਊਟੀ ਨੂੰ ਵਧਾਉਣਾ ਪਿਛਲੇ ਤਿੰਨ ਮਹੀਨਿਆਂ ਤੋਂ ਲਾਕਡਾਊਨ ਤੋਂ ਪ੍ਰਭਾਵਿਤ ਭਾਰਤ ਦੇ ਲੋਕਾਂ ਲਈ ਬਹੁਤ ਪੀੜਾ ਦਾਇਕ ਹੈ।।ਉਨਾਂ ਕਿਹਾ ਕਿ ਦੇਸ਼ ਨੂੰ ਕੋਰੋਨਾ ਮਹਾਂਮਾਰੀ ਕਰਕੇ ਸਿਹਤ ਅਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੋਦੀ ਸਰਕਾਰ ਦੁੱਖੀ ਲੋਕਾਂ ਪਾਸੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਐਕਸਾਈਜ਼ ਡਿਊਟੀ ਨੂੰ ਵਧਾ ਕੇ ਮੁਨਾਫ਼ਾ ਕਮਾ ਰਹੀ ਹੈ।।
ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਮੋਦੀ ਸਰਕਾਰ ਵਲੋਂ ਵੱਡੇ ਪੱਧਰ ‘ਤੇ ਘਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਇਨਾਂ ਤੱਥਾਂ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਮਈ 2014 (ਜਦੋਂ ਬੀ.ਜੇ.ਪੀ.ਦੀ ਸਰਕਾਰ ਨੇ ਸੱਤਾ ਸੰਭਾਲੀ) ਉਦੋਂ ਪੈਟਰੋਲ ‘ਤੇ ਐਕਸਾਈਜ ਡਿਊਟੀ 9.20 ਰੁਪਏ ਲੀਟਰ ਅਤੇ ਡੀਜ਼ਲ ‘ਤੇ 3.46 ਰੁਪਏ ਲੀਟਰ ਸੀ, ਪਰ ਅਗਲੇ ਛੇ ਸਾਲਾਂ ਦੌਰਾਨ ਕੇਂਦਰ ਦੀ ਬੀ.ਜੇ.ਪੀ.ਸਰਕਾਰ ਨੇ ਇਸ ਨੂੰ ਵਧਾ ਕੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ 23.78 ਰੁਪਏ ਲੀਟਰ ਅਤੇ ਡੀਜ਼ਲ ‘ਤੇ 28.37 ਰੁਪਏ ਪ੍ਰਤੀ ਲੀਟਰ ਵਾਧੂ ਕਰ ਦਿੱਤੀ।। ਉਨਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਡੀਜ਼ਲ ‘ਤੇ ਐਕਸਾਈਜ਼ ਡਿਊਟੀ 820 ਪ੍ਰਤੀਸ਼ਤ ਅਤੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ 258 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ।। ਉਨਾਂ ਕਿਹਾ ਕਿ ਇਸ ਨਾਲ ਪਿਛਲੇ ਛੇ ਸਾਲਾਂ ਤੋਂ ਮੋਦੀ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਧਾ ਕੇ ਦੇਸ਼ ਦੇ ਆਮ ਲੋਕਾਂ ਪਾਸੋਂ 18,00000 ਕਰੋੜ ਰੁਪਏ ਦੀ ਕਮਾਈ ਕੀਤੀ ਹੈ।। ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਲਾਕਡਾਊਨ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਐਕਸਾਈਜ਼ ਡਿਊਟੀ ਵਿੱਚ ਵਾਰ-ਵਾਰ ਜਬਰਦਸਤੀ ਵਾਧਾ ਕਰਕੇ ਕੇਂਦਰ ਸਰਕਾਰ ਵਲੋਂ ਲੋਕਾਂ ਦੀ ਲੁੱਟ ਖਸੁੱਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ।। ਉਨਾਂ ਕਿਹਾ ਕਿ 5 ਮਾਰਚ 2020 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਵਾਧਾ , 05 ਮਈ 2020 ਨੂੰ ਮੋਦੀ ਸਰਕਾਰ ਵਲੋਂ ਡੀਜ਼ਲ ‘ਤੇ 13 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ‘ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਵਿੱਚ ਵਾਧਾ ਕੀਤਾ ਗਿਆ।। ਉਨਾਂ ਕਿਹਾ ਕਿ 7 ਜੂਨ 2020 ਤੋਂ 24 ਜੂਨ 2020 ਦੌਰਾਨ 18 ਦਿਨਾਂ ਵਿੱਚ ਡੀਜ਼ਲ ‘ਤੇ 10.48 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ‘ਤੇ 8.50 ਰੁਪਏ ਪ੍ਰਤੀ ਲੀਟਰ ਕੀਮਤ ਵਧਾ ਕੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।।ਇਸ ਤਰਾਂ ਪਿਛਲੇ ਸਾਢੇ ਤਿੰਨ ਮਹੀਨਿਆਂ ਦੌਰਾਨ ਬੀ.ਜੇ.ਪੀ.ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ ਅਤੇ ਐਕਸਾਈਜ਼ ਡਿਊਟੀ 26.48 ਰੁਪਏ ਅਤੇ ਪੈਟਰੋਲ 21.50 ਰੁਪਏ ਪ੍ਰਤੀ ਲੀਟਰ ਵਧਾ ਕੇ ਲੋਕਾਂ ਬਹੁਤ ਬੁਰੀ ਤਰਾਂ ਸੋਸ਼ਣ ਕੀਤਾ ਗਿਆ।। ਭਾਰਤ ਦੇ ਲੋਕਾਂ ਨਾਲ ਵੱਡੀ ਠੱਗੀ ਅਤੇ ਉਨਾਂ ਵਲੋਂ ਖੂਨ ਪਸੀਨੇ ਦੀ ਕੀਤੀ ਕਮਾਈ ਨਾਲ ਕਮਾਏ ਗਏ ਪੈਸਿਆਂ ਦੀ ਲੁੱਟ ਖਸੁੱਟ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਕੁਝ ਮਹੀਨਿਆਂ ਤੋਂ ਘਟੀਆਂ ਹਨ।। ਉਨਾਂ ਸਪੱਸ਼ਟ ਕਿਹਾ ਕਿ 24 ਜੂਨ 2020 ਨੂੰ ਕੱਚੇ ਤੇਲ ਦੀ ਕੀਮਤ 43.41 ਯੂ.ਐਸ.ਡਾਲਰ ਜਾਂ 3288.71 ਰੁਪਏ ਪ੍ਰਤੀ ਬੈਰਲ ਸੀ। ਇਸ ਦੇ ਵਿਰੁੱਧ ਪੈਟਰੋਲ 80 ਰੁਪਏ ਪ੍ਰਤੀ ਲੀਟਰ ਕੀਮਤ ਨੂੰ ਛੂਹ ਰਿਹਾ ਹੈ ਜਿਸ ਨਾਲ ਮੋਦੀ ਸਰਕਾਰ ਵਲੋਂ ਦੇਸ਼ ਦੇ ਲੋਕਾਂ ਪਾਸੋਂ ਮੁਨਾਫ਼ਾਖੋਰੀ ਕਰਕੇ ਲੁੱਟ ਖਸੁੱਟ ਕੀਤੀ ਜਾ ਰਹੀ ਹੈ।। ਉਨਾਂ ਦੱਸਿਆ ਕਿ ਜਦੋਂ ਕਾਂਗਰਸ-ਯੂ.ਪੀ.ਏ. ਦੀ ਸਰਕਾਰ ਸੱਤਾ ਵਿੱਚ ਸੀ ਤਾਂ ਕੱਚੇ ਤੇਲ ਦੀ ਕੀਮਤ 108 ਪ੍ਰਤੀ ਬੈਰਲ ਸੀ ਜੋ ਕਿ 24 ਜੂਨ 2020 ਨੂੰ ਘਟ ਕੇ ਅਮਰੀਕੀ ਡਾਲਰ 43.41 ਪ੍ਰਤੀ ਬੈਰਲ ਰਹਿ ਕੇ 60 ਪ੍ਰਤੀਸ਼ਤ ਘਟੀ। ਇਸ ਦੇ ਬਾਵਜੂਦ ਬੀ.ਜੇ.ਪੀ.ਸਰਕਾਰ ਵਲੋਂ ਪੈਟਰੋਲ ਅਤੇ ਤੇਲ ਦੀਆਂ ਕੀਮਤਾਂ ਨੂੰ ਆਸਮਾਨ ‘ਤੇ ਚੜਾ ਦਿੱਤਾ ਗਿਆ।। ਵਫ਼ਦ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ 5 ਮਾਰਚ 2020 ਤੋਂ ਪੈਟਰੋਲ-ਡੀਜ਼ਲ ਅਤੇ ਐਕਸਾਈਜ਼ ਡਿਊਟੀ ਵਿੱਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਿਸ ਲੈਣ ਲਈ ਹਦਾਇਤਾਂ ਜਾਰੀ ਕਰਨ ਅਤੇ ਇਸ ਔਖੀ ਘੜੀ ਵਿੱਚ ਦੇਸ਼ ਦੇ ਲੋਕਾਂ ਨੂੰ ਲਾਭ ਪਹੁੰਚਾਉਣ।।