ਫਗਵਾੜਾ, ਮਾਰਚ 17 (ਡਾ ਰਮਨ/ਅਜੇ ਕੋਛੜ)

ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਪੰਜਾਬ ਦੇ ਸਾਬਕਾ ਮੰਤਰੀ ਸ. ਜੋਗਿੰਦਰ ਸਿੰਘ ਮਾਨ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਜਲੰਧਰ ਵਿਖੇ ਤਾਇਨਾਤ ਇਕ ਮਹਿਲਾ ਪੀ ਸੀ ਐਸ ਖਿਲਾਫ ਜਾਤੀਸੂਚਕ ਲਫ਼ਜ਼ ਵਰਤਣ ਵਾਲੇ ਏਜੇਂਟ ਖਿਲਾਫ ਸਖਤ ਤੋਂ ਸਖਤ ਕਾਰਵਾਈ ਯਕੀਨੀ ਬਣਾਉਣ ।

ਅੱਜ ਮੁਖ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ, ਸ. ਮਾਨ ਨੇ ਕਿਹਾ ਅੱਜ ਜਦ ਦੁਨੀਆਂ ਦੇ ਲੋਕ ਸਮੁੱਚੀ ਮਨੁੱਖਤਾ ਨੂੰ ਆਪਸੀ ਪਿਆਰ ਅਤੇ ਬਰਾਬਰਤਾ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾ ਕੇ ਹਟੀ ਹੈ ਤਾਂ ਇਸ ਤੋਂ ਮੰਦਭਾਗੀ ਗੱਲ ਹੋਰ ਕਿ ਹੋਵੇਗੀ ਕਿ ਅਨੁਸ਼ੂਚਿਤ ਵਰਗ ਨਾਲ ਸੰਬੰਧਿਤ ਪੰਜਾਬ ਦੀ ਇਕ ਧੀ ਜੋ ਕਿ ਪੀ ਸੀ ਐਸ ਅਫਸਰ ਵਜੋਂ ਤਾਇਨਾਤ ਹੈ ਦੇ ਖਿਲਾਫ ਇਕ ਏਜੇਂਟ ਜਾਤੀਸੂਚਕ ਸ਼ਬਦ ਵਰਤੇ । ਉਹਨਾਂ ਕਿਹਾ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸੋਸ਼ਲ ਮੀਡਿਆ ਤੇ ਫੈਲੀ ਇਸ ਆਡੀਓ ਵਿਚ ਇਹ ਏਜੇਂਟ ਸਿਧੇ ਤੌਰ ਤੇ ਉਸ ਮਹਿਲਾ ਪੀ ਸੀ ਐਸ ਅਫਸਰ ਖਿਲਾਫ ਜਾਤੀਸੂਚਕ ਸ਼ਬਦ ਵਰਤ ਰਿਹਾ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਇਹ ਅਫਸਰ ਸਾਰੇ ਪੰਜਾਬ ਵਿਚ ਆਪਣੀ ਕਾਬਲੀਅਤ ਤੇ ਨੇਕ ਨਿਅਤੀ ਲਾਇ ਜਾਣੀ ਜਾਂਦੀ ਹੈ ਅਤੇ ਦਲਿਤ ਪਰਿਵਾਰ ਨਾਲ ਸੰਬੰਧਿਤ ਇਸ ਧੀ ਲਈ ਅਜਿਹੀ ਸ਼ਬਦਾਵਲੀ ਮੰਦਭਾਗੀ ਹੈ ।

ਉਹਨਾਂ ਕਿਹਾ ਕਿ ਹਰ ਉਹ ਵਿਅਕਤੀ ਜੋ ਬਰਾਬਰੀ ਅਤੇ ਭਾਈਚਾਰੇ ਦੇ ਅਸੂਲਾਂ ਤੇ ਵਿਸ਼ਵਾਸ ਰੱਖਦਾ ਹੈ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ । ਉਹਨਾਂ ਕਿਹਾ ਕਿ ਇਸ ਏਜੇਂਟ ਵਲੋਂ ਵਰਤੀ ਗਈ ਇਸ ਸ਼ਬਦਾਵਲੀ ਨਾਲ ਪੂਰੇ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ । ਉਹਨਾਂ ਕਿਹਾ ਦਲਿਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਇਸ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਦਲਿਤ ਸਮਾਜ ਨਾਲ ਸੰਬੰਧਿਤ ਅਧਿਕਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਅ ਸਕਣ । ਉਹਨਾਂ ਮੁਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿਜੀ ਤੌਰ ਤੇ ਦਾਖ਼ਲ ਦੇ ਕੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ।