ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਹੈ ਕਿ ਜੇਕਰ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਉਸ ਵੇਲੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ 1984 ਦਾ ਸਿੱਖ ਕਤਲੇਆਮ ਟਾਲਿਆ ਜਾ ਸਕਦਾ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ‘ਤੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਜਦੋਂ 1984 ਦਾ ਮੰਦਭਾਗਾ ਕਤਲੇਆਮ ਹੋਇਆ, ਗੁਜਰਾਲ ਜੀ ਉਸ ਸ਼ਾਮ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਕੋਲ ਗਏ ਤੇ ਆਖਿਆ ਕਿ ਹਾਲਾਤ ਬਹੁਤ ਗੰਭੀਰ ਹਨ ਅਤੇ ਸਰਕਾਰ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਛੇਤੀ ਤੋਂ ਛੇਤੀ ਫੌਜ ਸੱਦ ਲਵੇ। ਜੇਕਰ ਉਸ ਵੇਲੇ ਇਹ ਸਲਾਹ ਮੰਨ ਲਈ ਗਈ ਹੁੰਦੀ ਤਾਂ ਸ਼ਾਇਦ 1984 ਦਾ ਸਿੱਖ ਕਤਲੇਆਮ ਟਾਲਿਆ ਜਾ ਸਕਦਾ ਸੀ। ਮਨਮੋਹਨ ਸਿੰਘ ਨੇ ਇਹ ਵੀ ਦੱਸਿਆ ਕਿ ਐਮਰਜੰਸੀ ਮਗਰੋਂ ਉਹਨਾਂ ਦੇ ਗੁਜਰਾਲ ਨਾਲ ਸਬੰਧ ਕਿਵੇਂ ਬਣਦੇ ਗਏ। ਉਹਨਾਂ ਦੱਸਿਆ ਕਿ ਗੁਜਰਾਲ ਉਸ ਵੇਲੇ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ ਤੇ ਉਹਨਾਂ ਨੂੰ ਐਮਰਜੰਸੀ ਦੇ ਪ੍ਰਬੰਧਨ ਵਿਚ ਮੁਸ਼ਕਿਲਾਂ ਆ ਰਹੀਆਂ ਸਨ। ਫਿਰ ਉਹਨਾਂ ਨੂੰ ਹਟਾ ਕੇ ਯੋਜਨਾ ਕਮਿਸ਼ਨ ਦਾ ਰਾਜ ਮੰਤਰੀ ਬਣਾ ਦਿੱਤਾ ਗਿਆ, ਉਸ ਵੇਲੇ ਉਹ (ਮਨਮੋਹਨ ਸਿੰਘ) ਵਿੱਤ ਮੰਤਰਾਲੇ ਵਿਚ ਆਰਥਿਕ ਸਲਾਹਕਾਰ ਸਨ..ਫਿਰ ਸਾਡੇ ਰਿਸ਼ਤੇ ਬਣਦੇ ਗਏ।