* ਮੋਦੀ ਸਰਕਾਰ ਦਾ ਫੂਕਿਆ ਪੁਤਲਾ * ਮੋਟਰਸਾਇਕਲ ਦੀ ਕੱਡੀ ਅਰਥੀ ਯਾਤਰਾ

ਫਗਵਾੜਾ (ਡਾ ਰਮਨ)
ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਅੱਜ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟ੍ਰੋਲ ਅਤੇ ਡੀਜਲ ਦੀਆਂ ਵੱਧਦੀਆਂ ਕੀਮਤਾਂ ਰੋਕਣ ‘ਚ ਨਾਕਾਮ ਰਹਿੰਣ ਦੇ ਵਿਰੋਧ ਵਿਚ ਰੋਸ ਮੁਜਾਹਰਾ ਕਰਦੇ ਹੋਏ ਜਿੱਥੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਉੱਥੇ ਹੀ ਮੋਟਰਸਾਇਕਲ ਦੀ ਅਰਥੀ ਯਾਤਰਾ ਵੀ ਕੱਢੀ ਗਈ। ਜੀ.ਟੀ. ਰੋਡ ਸਥਿਤ ਰੈਸਟ ਹਾਉਸ ਚੌਕ ਵਿਖੇ ਪੁਤਲਾ ਫੂਕਣ ਉਪਰੰਤ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਦੇਸ਼ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਮੋਦੀ ਸਰਕਾਰ ਦੁੱਖੀ ਲੋਕਾਂ ਪਾਸੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਪਰ ਐਕਸਾਈਜ਼ ਡਿਊਟੀ ਵਧਾ ਕੇ ਮੁਨਾਫ਼ਾ ਕਮਾ ਰਹੀ ਹੈ। ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਮਈ 2014 ਵਿਚ ਜਦੋਂ ਸ੍ਰ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਪੈਟਰੋਲ ‘ਤੇ ਐਕਸਾਈਜ ਡਿਊਟੀ 9.20 ਰੁਪਏ ਲੀਟਰ ਅਤੇ ਡੀਜ਼ਲ ‘ਤੇ 3.46 ਰੁਪਏ ਲੀਟਰ ਸੀ ਪਰ ਪਿਛਲੇ ਛੇ ਸਾਲਾਂ ਦੌਰਾਨ ਕੇਂਦਰੀ ਬੇ.ਜੇ.ਪੀ.ਸਰਕਾਰ ਨੇ ਇਸ ਨੂੰ ਵਧਾ ਕੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ 23.78 ਰੁਪਏ ਲੀਟਰ ਅਤੇ ਡੀਜ਼ਲ ‘ਤੇ 28.37 ਰੁਪਏ ਪ੍ਰਤੀ ਲੀਟਰ ਕਰ ਦਿੱਤੀ। ਡੀਜ਼ਲ ‘ਤੇ ਐਕਸਾਈਜ਼ ਡਿਊਟੀ 820 ਪ੍ਰਤੀਸ਼ਤ ਅਤੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ 258 ਪ੍ਰਤੀਸ਼ਤ ਵਧਾਈ ਗਈ ਹੈ ਜੋ ਹੈਰਾਨ ਕਰਨ ਵਾਲੀ ਹੈ। ਉਨਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਮਹੀਨਿਆਂ ਦੌਰਾਨ ਮੋਦੀ ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ ਅਤੇ ਐਕਸਾਈਜ਼ ਡਿਊਟੀ 26.48 ਰੁਪਏ ਅਤੇ ਪੈਟਰੋਲ 21.50 ਰੁਪਏ ਪ੍ਰਤੀ ਲੀਟਰ ਵਧਾ ਕੇ ਲੋਕਾਂ ਬਹੁਤ ਬੁਰੀ ਤਰਾਂ ਸੋਸ਼ਣ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਦੋਂ ਕਾਂਗਰਸ ਦੀ ਅਗਵਾਈ ‘ਚ ਯੂ.ਪੀ.ਏ. ਦੀ ਸਰਕਾਰ ਦੇਸ਼ ਦੀ ਸੱਤਾ ਵਿੱਚ ਕਾਬਿਜ ਸੀ ਤਾਂ ਕੱਚੇ ਤੇਲ ਦੀ ਕੀਮਤ 108 ਪ੍ਰਤੀ ਬੈਰਲ ਸੀ ਜੋ ਕਿ 24 ਜੂਨ 2020 ਨੂੰ ਘਟ ਕੇ ਅਮਰੀਕੀ ਡਾਲਰ 43.41 ਪ੍ਰਤੀ ਬੈਰਲ ਰਹਿ ਕੇ 60 ਪ੍ਰਤੀਸ਼ਤ ਘਟੀ। ਇਸ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਪੈਟਰੋਲ ਅਤੇ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾ ਦਿੱਤਾ ਗਿਆ ਜਿਸ ਕਰਕੇ ਲੋਕ ਸਕੂਟਰ, ਮੋਟਰ ਸਾਇਕਲ ਵਿਚ ਤੇਲ ਪੁਆਉਣ ਜਾਂ ਦੋ ਵਕਤ ਦੀ ਰੋਟੀ ਵਿਚੋਂ ਕਿਸੇ ਇਕ ਬਦਲ ਨੂੰ ਚੁਨਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਰਕੇ ਲੋਕਾਂ ਦੇ ਕਾਰੋਬਾਰ ਠੱਪ ਹਨ ਤੇ ਬੇਰੁਜਗਾਰੀ ਵੱਧੀ ਹੈ। ਲੋਕਾਂ ਪਾਸ ਨਾ ਰੋਟੀ ਖਾਣ ਨੂੰ ਪੈਸੇ ਹਨ ਤੇ ਨਾ ਪੈਟਰੋਲ ਖਰੀਦਣ ਦੀ ਹੀ ਹੈਸੀਅਤ ਇਸ ਸਰਕਾਰ ਦੇ ਰਾਜ ਵਿਚ ਰਹੀ ਹੈ। ਇਸ ਲਈ ਅੱਜ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਲੋਕਾਂ ਦੇ ਗੁੱਸੇ ਦਾ ਇਜਹਾਰ ਕਰਨ ਦੇ ਨਾਲ ਹੀ ਸੰਕੇਤਿਕ ਤੌਰ ਤੇ ਮੋਟਰਸਾਇਕਲ ਦੀ ਅਰਥੀ ਵੀ ਕੱਢੀ ਗਈ ਹੈ। ਇਸ ਮੌਕੇ ਤਰਨ ਨਾਮਧਾਰੀ, ਕਰਮਦੀਪ ਸਿੰਘ, ਮੋਲਾ ਸ਼ੇਰਗਿਲ, ਸੁਖ ਭੰਡਾਲ, ਹਰਪ੍ਰੀਤ ਸਿੰਘ ਸੋਨੂੰ, ਉਂਕਾਰ ਭੁੱਲਾਰਾਈ, ਸੋਨੂੰ ਪਹਿਲਵਾਨ, ਰਾਜੂ ਬਸਰਾ, ਯੁਵੀ, ਯੁਵਰਾਜ, ਚਮਨ ਅਰੋੜਾ, ਤਰੁਨ ਸ਼ੇਰਗਿਲ, ਵਿਨੇ, ਹੈਪੀ ਸ਼ੇਰਗਿਲ, ਅਸ਼ਵਨੀ ਬਘਾਣੀਆ ਆਦਿ ਹਾਜਰ ਸਨ।