ਫਗਵਾੜਾ 20 ਮਾਰਚ ( ਡਾ ਰਮਨ/ਅਜੇ ਕੋਛੜ) ਸੁਪਰੀਮ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਰੰਜਨ ਗੋਗੋਈ ਨੂੰ ਰਾਸ਼ਟਰਪਤੀ ਵਲੋਂ ਰਾਜਸਭਾ ਮੈਂਬਰ ਨਿਯੁਕਤ ਕੀਤੇ ਜਾਣ ਨੂੰ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਗਲਤ ਪਰੰਪਰਾ ਦੀ ਸ਼ੁਰੂਆਤ ਦੱਸਿਆ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਲਈ ਰੰਜਨ ਗੋਗੋਈ ਲਾਹੇਵੰਦ ਰਹੇ ਹਨ। ਉਨ੍ਹਾਂ ਭਾਜਪਾ ਦੇ ਮਰਹੂਮ ਆਗੂ ਅਰੁਣ ਜੇਤਲੀ ਵਲੋਂ ਕੀਤੀ ਇਕ ਟਿੱਪਣੀ ਦਾ ਜਿਕਰ ਕਰਦਿਆਂ ਕਿਹਾ ਕਿ ਜੇਤਲੀ ਦੀ ਟਿੱਪਣੀ ਅੱਜ ਸਹੀ ਜਾਪਦੀ ਹੈ ਕਿ ਕਈ ਮਾਮਲਿਆਂ ਨੂੰ ਦੇਖ ਕੇ ਲੱਗਦਾ ਹੈ ਸੁਪਰੀਮ ਕੋਰਟ ਦੇ ਜੱਜ ਸੇਵਾ ਮੁਕਤੀ ਤੋਂ ਬਾਅਦ ਦੇ ਕੈਰੀਅਰ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਸਟਿਸ ਗੋਗੋਈ ਨੂੰ ਰਾਜਸਭਾ ਵਿਚ ਜਾਣ ਤੋਂ ਫਿਲਹਾਲ ਗੁਰੇਜ ਕਰਨਾ ਚਾਹੀਦਾ ਸੀ। ਕਿਸੇ ਵੀ ਸਰਕਾਰ ਨੂੰ ਅਦਾਰਿਆਂ ਦੀ ਵਰਤੋਂ ਨਿਜੀ ਸਿਆਸੀ ਲਾਭ ਲਈ ਨਹੀਂ ਕਰਨੀ ਚਾਹੀਦੀ। ਜੇਕਰ ਗੋਗੋਈ ਸੇਵਾ ਮੁਕਤੀ ਤੋਂ ਬਾਅਦ ਕੁੱਝ ਸਮਾਂ ਪਾ ਕੇ ਚੋਣ ਰਾਹੀਂ ਰਾਜਸਭਾ ਵਿਚ ਕਦਮ ਰੱਖਦੇ ਤਾਂ ਕੋਈ ਇਤਰਾਜ ਨਹੀਂ ਸੀ ਪਰ ਜਿਸ ਤਰ੍ਹਾਂ ਸੇਵਾ ਮੁਕਤੀ ਤੋਂ ਤੁਰੰਤ ਬਾਅਦ ਪੈਰਾਸ਼ੂਟ ਰਾਹੀਂ ਉਨ੍ਹਾਂ ਨੂੰ ਰਾਜਸਭਾ ਵਿਚ ਭੇਜਿਆ ਗਿਆ ਹੈ ਉਸ ਨਾਲ ਕੇਂਦਰ ਦੀ ਮੋਦੀ ਸਰਕਾਰ ਤੇ ਉਂਗਲੀਅ ਉੱਠਣਾ ਲਾਜਮੀ ਹੈ।