ਸ਼ਾਹਕੋਟ,28 ਮਾਰਚ(ਸਾਹਬੀ, ਅਮਨਪ੍ਰੀਤ ਸੋਨੂੰ, ਦਾਸੀਕੇ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਨੰਬਰ 26 ਦੇ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਇਸ ਕੋਵਿਡ 19 ਦੀ ਮਹਾਮਾਰੀ ਬੀਮਾਰੀ ਨਾਲ ਨਿਜੱਠਣ ਲਈ ਰੋਜਾਨਾ ਹੀ ਵੱਖ – ਵੱਖ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹਨ। ਜਿਸ ਵਿੱਚ ਇੱਕ ਫੁਰਮਾਨ ਵੀ ਜਾਰੀ ਕਰ ਦਿੱਤਾ ਗਿਆ ਹੈ। ਕਿ ਇਸ ਮਹਾਮਾਰੀ ਦੇ ਪ੍ਰਕੋਪ ਕਾਰਨ ਮਹੀਨਾਂ ਮਾਰਚ ਦੀ ਤਨਖਾਹ ਕਿਸੇ ਵੀ ਕਰਮਚਾਰੀ ਨੂੰ ਦੇਰੀ ਨਾਲ ਨਹੀ ਮਿਲੇਗੀ ਅਤੇ ਇਸ ਸਬੰਧੀ ਨੋਟੀਫਿਕੇਸ਼ਨਾਂ/ਪੱਤਰਾਂ ਵਿੱਚ ਸਮੂਹ ਖਜਾਨਾਂ ਦਫਤਰਾਂ ਨੂੰ ਹਦਾਇਤਾਂ ਵੀ ਕਰ ਦਿੱਤੀਆਂ ਗਈਆਂ ਹਨ ਕਿ ਡੀ.ਡੀ.ਓ.ਜ ਵੱਲੋਂ ਕੀਤੀ ਜਾਂਣ ਵਾਲੀ ਕਾਗਜੀ ਕਾਰਵਾਈ ਨੂੰ ਸਿਰਫ ਈਮੇਲ ਅਤੇ ਵਟਸਐਪ ਰਾਂਹੀ ਤਿਆਰ ਕਰਕੇ ਜਿਲ੍ਹਾ ਖਜਾਨਾਂ ਦਫਤਰਾਂ ਨੂੰ ਭੇਜੀ ਜਾਵੇ, ਜਿਸ ਨੂੰ ਅਧਾਰ ਮੰਨਕੇ ਰੈਗੂਲਰ ਕਰਮਚਾਰੀਆਂ ਦੀਆਂ ਤਨਖਾਹਾ ਬਿਨਾਂ ਕਿਸੇ ਦੇਰੀ ਤੋਂ ਦਿੱਤੀਆਂ ਜਾ ਸਕਣ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਉਕਤ ਜਾਰੀ ਕੀਤੇ ਗਏ ਨੋਟੀਫਿਕੇਸ਼ਨਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਜਰੂਰੀ ਅਤੇ ਆਪਾਤਕਾਲ ਸੇਵਾਵਾਂ ਦਾ ਦਰਜਾ ਦੇਕੇ ਸਾਰੇ ਕਰਮਚਾਰੀਆਂ ਨੂੰ ਸਖਤੀ ਨਾਲ ਡਿਊਟੀ ਨਿਭਾਉਣ ਲਈ ਕਿਹਾ ਗਿਆ ਹੈ ਅਤੇ ਪਰੂੰਤ ਇਸ ਵਿਭਾਗ ਵਿੱਚ ਠੇਕੇਦਾਰੀ ਸਿਸਟਮ /ਇੰਨਲਿਸਟਮੈਟ ਪਾਲਿਸੀ ਅਤੇ ਆਊਟਸੋਰਸਿੰਗ ਰਾਂਹੀ ਵੀ ਤਕਰੀਬਨ 4000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਅਤੇ ਇਨ੍ਹਾਂ ਕਰਮਚਾਰੀਆਂ ਵੱਲੋਂ ਵੀ ਅਪਣੀਆਂ ਡਿਊਟੀਆਂ ਇਸ ਮਹਾਮਾਰੀ ਦੇ ਦੌਰ ਵਿੱਚ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਰੈਗੂਲਰ ਕਰਮਚਾਰੀਆਂ ਦੀ ਤਨਖਾਹ ਤੋਂ ਤਕਰੀਬਨ 3-4 ਗੁਣਾਂ ਘੱਟ ਹੋਣ ਅਤੇ ਇੱਕ ਠੇਕੇ ਤੇ ਕੰਮ ਕਰਦੇ ਕਰਮਚਾਰੀ ਪਾਸੋਂ 4-4, 5-5 ਪੋਸਟਾਂ ਉਪਰ ਕੰਮ ਕਰਵਾਉਣ ਦੇ ਬਾਵਜੂਦ ਵੀ ਇਹ ਕਰਮਚਾਰੀ ਇਸ ਮਹਾਮਾਰੀ ਦੀ ਭਿਆਨਕ ਬੀਮਾਰੀ ਦਾ ਸਾਹਮਣਾ ਬਿਨਾ ਪੂਰੀ ਤਨਖਾਹ ਮਿਲਦੇ ਹੋਏ, ਬਿਨਾ ਕਿਸੇ ਬੀਮੇ ਤੋ, ਬਿਨਾ ਕਿਸੇ ਪਰਿਵਾਰ ਰੱਖਿਆ ਬੀਮੇ ਤੋਂ ਕਰਦੇ ਹੋਏ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਫੇਰ ਵੀ ਸਰਕਾਰ ਵੱਲੋਂ ਇਹਨਾਂ 4000 ਮੁਲਾਜਮਾਂ ਦੀਆਂ ਤਨਖਾਹਾ ਸਮੇਂ ਸਿਰ ਜਾਰੀ ਕਰਨ ਲਈ ਕੋਈ ਵੀ ਨੋਟੀਫਿਕੇਸ਼ਨ ਜਾਂ ਪੱਤਰ ਜਾਰੀ ਨਹੀ ਕੀਤਾ ਗਿਆ।
ਜਿਥੇ ਸਰਕਾਰ ਸਮੂਹ ਰੈਗੂਲਰ ਕਰਮਚਾਰੀਆਂ ਦੀਆਂ ਤਨਖਾਹਾ ਵਿੱਚ ਦੇਰੀ ਨਾ ਹੋਣ ਦਾ ਪੂਰਾ ਧਿਆਨ ਰੱਖ ਰਹੀ ਹੈ ਉਥੇ ਜਲ ਸਪਲਾਈ ਵਿਭਾਗ ਦੇ ਠੇਕੇ ਤੇ ਕੰਮ ਕਰਦੇ 4000 ਤੋਂ ਵੱਧ ਕਰਮਚਾਰੀਆਂ ਲਈ ਸਰਕਾਰ ਵੱਲੋਂ ਪੂਰਨ ਮਾਤਰਾ ਫੰਡਜ ਵੀ ਨਹੀ ਭੇਜੇ ਗਏ ਹਨ, ਜਿਸ ਤੋਂ ਇਹ ਜਾਪਦਾ ਹੈ ਕਿ ਇਹ ਕਰਮਚਾਰੀਆਂ ਦੀ ਮਹੀਨਾ ਮਾਰਚ ਦੀ ਤਨਖਾਹ ਅਪ੍ਰੈਲ ਦੇ ਮਹੀਨੇ ਵਿੱਚ ਵੀ ਨਹੀ ਮਿਲ ਸਕੇਗੀ। ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਠੇਕੇ ਤੇ ਕੰਮ ਕਰਦੇ ਇਹਨਾਂ 4000 ਕਰਮਚਾਰੀਆਂ ਦੀਆਂ ਤਨਖਾਹਾ ਵੀ ਰੈਗੂਲਰ ਕਰਮਚਾਰੀਆਂ ਵਾਂਗ ਛੋਟਾਂ ਦਿੰਦਿਆ ਹੋਇਆ ਜਾਰੀ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ। ਜੇਕਰ ਸਮੇਂ ਸਿਰ 7 ਤਰੀਖ ਤੱਕ ਤਨਖਾਹਾ ਜਾਰੀ ਨਹੀ ਹੁੰਦੀਆਂ ਤਾਂ ਇਹ ਜਥੇਬੰਦੀ ਇਸ ਮਹਾਮਾਰੀ ਦੇ ਭਿਆਨਕ ਸਮੇਂ ਵਿੱਚ ਅਪਣਾਂ ਰੋਸ ਜਾਹਿਰ ਕਰਨ ਲਈ ਤੱਤਪਰ ਹੋਵੇਗੀ। ਜਿਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਜਲ ਸਪਲਾਈ ਮੈਨੇਜਮੈਟ ਦੀ ਹੋਵੇਗੀ।