* ਦਲਿਤਾਂ ਨਾਲ ਅਨਿਆ ਬਰਦਾਸ਼ਤ ਨਹੀਂ ਕਰੇਗਾ ਸ੍ਰੋਮਣੀ ਅਕਾਲੀ ਦਲ
ਫਗਵਾੜਾ (ਡਾ ਰਮਨ ) ਬੀਤੇ ਦਿਨੀਂ ਜਲਾਲਾਬਾਦ ਨੇੜੇ ਪਿੰਡ ਚੱਕ ਜਾਨਿਸਾਰ ਢੀਬਿਆਂ ਵਾਲਾ ਵਿਖੇ ਦਲਿਤ ਵਿਅਕਤੀ ਦੀ ਕੁੱਟਮਾਰ ਕਰਕੇ ਜਬਰਦਸਤੀ ਪਿਸ਼ਾਬ ਪਿਲਾਉਣ ਵਰਗੀ ਘਿਨੌਣੀ ਹਰਕਤ ਦੀ ਸਖ਼ਤ ਸ਼ਬਦਾਂ ‘ਚ ਨਖੇਦੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਦਲਿਤ ਸਮਾਜ ਦੀ ਇਹ ਤ੍ਰਾਸਦੀ ਹੈ ਕਿ ਅੱਜ ਦੇ ਵਿਗਿਆਨਕ ਦੌਰ ਵਿਚ ਵੀ ਇਨਸਾਨ ਨੂੰ ਦਲਿਤ ਹੋਣ ਦੀ ਸਜਾ ਭੁਗਤਨੀ ਪੈਂਦੀ ਹੈ। ਉਹਨਾਂ ਕਿਹਾ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ ਕਿ ਇਸ ਘਟਨਾ ਲਈ ਦੋਸ਼ੀ ਵਿਅਕਤੀ ਪੰਜਾਬ ਦੀ ਸੱਤਾ ਧਿਰ ਦੇ ਨਜਦੀਕੀ ਹਨ ਅਤੇ ਸਪਸ਼ਟ ਹੈ ਕਿ ਕੈਪਟਨ ਸਰਕਾਰ ਘਟਨਾ ਨੂੰ ਲੈ ਕੇ ਦੋਸ਼ੀਆਂ ਖਿਲਾਫ ਕਾਰਵਾਈ ਹਿਤ ਸੰਵੇਦਨਸ਼ੀਲ ਨਹੀਂ ਹੈ। ਕਿਉਂਕਿ ਸੱਤਾ ਧਿਰ ਦੇ ਕਿਸੇ ਵੀ ਆਗੂ ਨੇ ਘਟਨਾ ਦੀ ਨਿੰਦਾ ਕਰਨਾ ਵੀ ਜਰੂਰੀ ਨਹੀਂ ਸਮਝਿਆ। ਉਹਨਾਂ ਹੈਰਾਨੀ ਪ੍ਰਗਟਾਈ ਕਿ ਪੁਲਿਸ ਨੇ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੀੜ•ਤ ਨੂੰ ਬਚਾਉਣ ਵਾਲਿਆਂ ਖਿਲਾਫ ਹੀ ਕਾਰਵਾਈ ਕਰ ਦਿੱਤੀ। ਉਹਨਾਂ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਤਾੜਨਾ ਕੀਤੀ ਕਿ ਦੋਸ਼ੀਆਂ ਖਿਲਾਫ ਐਸ.ਸੀ./ਐਸ.ਟੀ. ਐਕਟ ਸਹਿਤ ਬਣਦੀਆਂ ਕਾਨੂੰਨੀ ਧਾਰਾਵਾਂ ਅਧੀਨ ਕਾਰਵਾਈ ਕੀਤੀ ਜਾਵੇ ਉੱਥੇ ਹੀ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਲਿਤ ਸਮਾਜ ਨਾਲ ਧੱਕੇਸ਼ਾਹੀ ਅਤੇ ਜੁਲਮ ਬਰਦਾਸ਼ਤ ਨਹੀਂ ਕਰੇਗਾ। ਇਸ ਘਟਨਾ ਦੇ ਪੀੜ•ਤ ਵਿਅਕਤੀ ਨੰ ਇਨਸਾਫ ਦੁਆਉਣ ਲਈ ਹਰ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਹਾਦਰ ਸਿੰਘ ਸੰਗਤਪੁਰ, ਗੁਰਮੁਖ ਸਿੰਘ ਚਾਨਾ, ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ, ਸਰੂਪ ਸਿੰਘ ਖਲਵਾੜਾ, ਮੋਹਨ ਸਿੰਘ ਵਾਹਦ, ਗੁਰਵਿੰਦਰ ਸਿੰਘ ਅਜਾਦ, ਬਲਵੀਰ ਬਿੱਟੂ ਖਲਵਾੜਾ, ਚਮਨ ਲਾਲ, ਕੁਲਦੀਪ ਕੁਮਾਰ ਮੌਲੀ, ਆਜਾਦ ਸਿੰਘ, ਮਨੀ ਆਨੰਦ ਅਤੇ ਜਸਵਿੰਦਰ ਸਿੰਘ ਭਗਤਪੁਰਾ ਆਦਿ ਵੀ ਹਾਜਰ ਸਨ।