* ਮਾਨਯੋਗ ਪੀ.ਐਮ ਤੇ ਸੀ.ਐਮ ਦੀ ਅਪੀਲ ਯਕੀਨੀ ਬਣਾਉਣਾ ਜਰੂਰੀ – ਐਡਵੋਕੇਟ ਰੋਹਿਤ
* ਬਹੁਤ ਜਰੂਰੀ ਹੋਣ ਤੇ ਹੀ ਜਾਰੀ ਹੋਵੇ ਕਰਫਿਊ ਪਾਸ
ਫਗਵਾੜਾ ( ਡਾ ਰਮਨ ) ਜਨਤਾ ਨਿਆਇਕ ਮਹਾਸਭਾ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਬਿਨਾ ਕਿਸੇ ਸਿਆਸੀ ਦਬਾਅ ਵਿਚ ਆਏ ਬਹੁਤ ਜਰੂਰੀ ਹੋਣ ਤੇ ਹੀ ਕਰਫਿਊ ਪਾਸ ਜਾਰੀ ਕੀਤਾ ਜਾਵੇ। ਅੱਜ ਇੱਥੇ ਗੱਲਬਾਤ ਕਰਦਿਆਂ ਸਭਾ ਦੇ ਫਾਉਂਡਰ ਚੇਅਰਮੈਨ ਐਡਵੋਕੇਟ ਰੋਹਿਤ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਿਆਸੀ ਨੁਮਾਇੰਦਿਆਂ ਨੂੰ ਕਿਸੇ ਰਾਜਨੀਤਿਕ, ਸਮਾਜਿਕ ਜਾਂ ਧਾਰਮਿਕ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਸਾਡੇ ਦੇਸ਼ ਦੇ ਪੀ.ਐਮ ਅਤੇ ਸੂਬੇ ਦੇ ਮਾਨਯੋਗ ਸੀ.ਐਮ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਯਕੀਨੀ ਬਨਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੁਝ ਸਿਆਸੀ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਲੰਗਰਾਂ ਦੇ ਸ਼ੁਭ ਅਰੰਭ ਜਾਂ ਸ਼ਰਧਾਂਜਲੀ ਆਦਿ ਸਮਾਗਮਾਂ ‘ਚ ਸ਼ਾਮਲ ਹੋ ਰਹੇ ਹਨ ਜੋ ਕਿ ਕੋਵਿਡ-19 ਨਾਲ ਬਣੇ ਮੋਜੂਦਾ ਹਾਲਾਤ ਵਿਚ ਠੀਕ ਨਹੀਂ ਹੈ। ਅਜਿਹਾ ਕਰਨ ਨਾਲ ਆਮ ਲੋਕਾਂ ਨੂੰ ਵੀ ਸਰੀਰਿਕ ਦੂਰੀ ਦੀ ਪ੍ਰਵਾਹ ਕੀਤੇ ਬਿਨਾਂ ਇਕੱਠੇ ਹੋਣ ਦੀ ਸ਼ਹਿ ਮਿਲਦੀ ਹੈ। ਹਾਲਾਂਕਿ ਕੁੱਝ ਸਿਆਸੀ ਆਗੂਆ ਨੇ ਬੀਤੇ ਦਿਨਾਂ ਦੌਰਾਨ ਘਰਾਂ ਵਿਚ ਹੀ ਰਹਿ ਕੇ ਆਸਥਾ ਦੇ ਅਨੁਸਾਰ ਸ਼ਰਧਾ ਦੇ ਫੁੱਲ ਭੇਂਟ ਕਰਕੇ ਜਾਂ ਅਰਦਾਸਾਂ ਕਰਕੇ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਸ਼ਲਾਘਾਯੋਗ ਕੰਮ ਵੀ ਕੀਤਾ ਹੈ। ਉਹਨਾਂ ਲੋੜਵੰਦ ਗਰੀਬਾਂ ਨੂੰ ਰਾਸ਼ਨ ਵੰਡਦੇ ਸਮੇਂ ਉਹਨਾਂ ਦੀ ਪਹਿਚਾਣ ਉਜਾਗਰ ਨਾ ਕਰਨ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਅਜਿਹੀ ਮੁਸ਼ਕਲ ਘੜੀ ਵਿਚ ਸੇਵਾ ਕਾਰਜਾਂ ਨੂੰ ਪ੍ਰਚਾਰਤ ਕਰਨ ਤੋਂ ਪਰਹੇਜ ਕਰਨਾ ਹੀ ਸੱਚੀ ਸੇਵਾ ਹੈ