(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ)

ਸ਼ਾਹਕੋਟ: ਮਲਸੀਆਂ, ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 22 ਮਾਰਚ, ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ‘ਜਨਤਾ ਕਰਫਿਊ’ ਲਗਾਉਣ ਦਾ ਐਲਾਣ ਕੀਤਾ ਗਿਆ ਸੀ, ਜਿਸ ਨੂੰ ਸਬ ਡਵੀਜ਼ਨ ਸ਼ਾਹਕੋਟ ਵਿੱਚ ਲੋਕਾਂ ਵੱਲੋਂ ਭਾਰੀ ਸਮਰਥਨ ਦਿੱਤਾ ਗਿਆ। ਜਨਤਾ ਕਰਫਿਊ ਦੌਰਾਨ ਸਵੇਰ ਤੋਂ ਹੀ ਸ਼ਾਹਕੋਟ-ਮਲਸੀਆਂ ਵਿਖੇ ਪੂਰਨ ਰੂਪ ਵਿੱਚ ਸੰਨਾਟਾ ਪਸਰਿਆ ਰਿਹਾ ਅਤੇ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਾਰੇ ਬਜ਼ਾਰ, ਧਾਰਮਿਕ ਅਸਥਾਨ, ਜਨਤਕ ਟ੍ਰਾਂਸਪੋਰਟ ਆਦਿ ਮੁਕੰਮਲ ਰੂਪ ਵਿੱਚ ਬੰਦ ਰਹੇ। ਇਸ ਦੌਰਾਨ ਜਿਥੇ ਸਿਵਲ ਪ੍ਰਸਾਸ਼ਨ ਵੱਲੋਂ ਡਾ. ਸੰਜੀਵ ਸ਼ਰਮਾਂ ਐਸ.ਡੀ.ਐੱਮ. ਸ਼ਾਹਕੋਟ, ਸ਼੍ਰੀ ਪ੍ਰਦੀਪ ਕੁਮਾਰ ਤਹਿਸੀਲਦਾਰ ਸ਼ਾਹਕੋਟ ਅਤੇ ਸ. ਭੁਪਿੰਦਰ ਸਿੰਘ ਬੀ.ਡੀ.ਪੀ.ਓ. ਸ਼ਾਹਕੋਟ-ਲੋਹੀਆਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਰੱਖਿਆ ਗਿਆ, ਉਥੇ ਹੀ ਪੁਲਿਸ ਪ੍ਰਸਾਸ਼ਨ ਵੱਲੋਂ ਸ. ਪਿਆਰਾ ਸਿੰਘ ਥਿੰਦ ਡੀ.ਐਸ.ਪੀ. ਸ਼ਾਹਕੋਟ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਸ਼ਾਹਕੋਟ ਦੀ ਅਗਵਾਈ ’ਚ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਲੋਕਾਂ ਨੂੰ ਇਕੱਠੇ ਨਾ ਹੋਣ ਦੇਣ ਕਾਰਨ ਗਸ਼ਤ ਰੱਖੀ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਡਾ. ਅਮਰਦੀਪ ਸਿੰਘ ਦੁੱਗਲ ਐਸ.ਐੱਮ.ਓ. ਸ਼ਾਹਕੋਟ ਦੀ ਅਗਵਾਈ ’ਚ ਸਿਵਲ ਹਸਪਤਾਲ ਸ਼ਾਹਕੋਟ ’ਚ ਮੁਲਾਜ਼ਮ ਸਾਰਾ ਦਿਨ ਡਿਊਟੀ ਤੇ ਤਾਇਨਾਤ ਰਹੇ। ਇਸ ਮੌਕੇ ਐਸ.ਡੀ.ਐੱਮ. ਡਾ. ਸੰਜੀਵ ਸ਼ਰਮਾਂ ਨੇ ਕਿਹਾ ਕਿ ਜਨਤਾ ਕਰਫਿਊ ਦੌਰਾਨ ਲੋਕਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ ਹੈ ਅਤੇ ਜੇਕਰ ਲੋਕ ਇਸੇ ਤਰਾਂ ਸਹਿਯੋਗ ਕਰਨ ਤਾਂ ਕੋਰੋਨਾ ਵਾਇਰਸ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜਿਥੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਰੋਕਣ ਅਤੇ ਆਪਾਤਕਾਲ ਦੀ ਸਥੀਤੀ ਨੂੰ ਧਿਆਨ ਵਿੱਚ ਰੱਖਦਿਆ ਆਮ ਲੋਕਾਂ ਦੀ ਸੁਰੱਖਿਆ ਲਈ ਅਤੇ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਨ ਲਈ 25 ਮਾਰਚ ਤੱਕ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ ਸੀ, ਉਥੇ ਹੀ ਪੰਜਾਬ ਸਰਕਾਰ ਵੱਲੋਂ ਹੁਣ 31 ਮਾਰਚ ਤੱਕ ਇਸ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਐਮਰਜੈਂਸੀ ਸੇਵਾਵਾਂ ਅਤੇ ਘਰੇਲੂ ਜਰੂਰੀ ਵਸਤੂਆਂ ਤੋਂ ਇਲਾਵਾ ਬਾਕੀ ਕਾਰੋਬਾਰ ਬੰਦ ਰਹਿਣਗੇ। ਉਨਾਂ ਕਿਹਾ ਕਿ ਲੋਕ ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਤਰਾਂ ਨਾਲ ਸਹਿਯੋਗ ਕਰਨ ਤਾਂ ਜੋ ਜਲਦੀ ਤੋਂ ਜਲਦੀ ਕੋਰੋਨਾ ਵਾਇਰਸ ਤੋਂ ਹਰ
ਵਿਅਕਤੀ ਦਾ ਬਚਾਅ ਹੋ ਸਕੇ