ਬਿਊਰੋ ਰਿਪੋਰਟ –

ਗੁਰੂਗ੍ਰਾਮ, 04 ਸਤੰਬਰ 2019 – ਨਵਾਂ ਮੋਟਰ-ਵਾਹਨ ਸੋਧ ਬਿਲ-2019 ਦੇ ਇੱਕ ਸਤੰਬਰ ਤੋਂ ਲਾਗੂ ਹੋਣ ਤੋਂ ਬਾਅਦ ਹਰਿਆਣਾ ‘ਚ ਗੁਰੂਗ੍ਰਾਮ (ਗੁੜਗਾਓਂ) ਪੁਲਿਸ ਬਹੁਤ ਹੀ ਸਖ਼ਤ ਵਿਖਾਈ ਦੇ ਰਹੀ ਹੈ। ਬੀਤੀ ਰਾਤ ਟ੍ਰੈਫ਼ਿਕ ਪੁਲਿਸ ਨੇ ਨਿਊ ਕਾਲੋਨੀ ਮੋੜ ਕੋਲ ਓਵਰਲੋਡ ਟਰੈਕਟਰ-ਟਰਾਲੀ ਦੇ ਡਰਾਇਵਰ ਦਾ 59,000 ਰੁਪਏ ਦਾ ਚਲਾਨ ਕੱਟ ਦਿੱਤਾ।
ਅਸਲ ‘ਚ ਟਰੈਕਟਰ ਡਰਾਇਵਰ ਨੇ ਰੈੱਡ ਲਾਈਟ ਜੰਪ ਕਰਨ ਦੇ ਚੱਕਰ ਵਿੱਚ ਇੱਕ ਮੋਟਰ-ਸਾਇਕਲ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਡਰਾਇਵਰ ਨੂੰ ਰੋਕ ਕੇ ਦਸਤਾਵੇਜ਼ ਮੰਗੇ ਗਏ, ਤਾਂ ਉਹ ਕੋਈ ਦਸਤਾਵੇਜ਼ ਵੀ ਵਿਖਾ ਨਾ ਸਕਿਆ। ਜਿਸ ਤੋਂ ਬਾਅਦ ਨਵੇਂ ਟ੍ਰੈਫ਼ਿਕ ਐਕਟ ਅਨੁਸਾਰ ਪੁਲਿਸ ਨੇ ਡਰਾਈਵਿੰਗ ਲਾਇਸੈਂਸ, ਆਰਸੀ, ਫ਼ਿਟਨੈੱਸ ਸਰਟੀਫ਼ਿਕੇਟ, ਬੀਮਾ, ਖ਼ਤਰਨਾਕ ਸਾਮਾਨ ਰੱਖਣ ਤੇ ਖ਼ਤਰਨਾਕ ਡਰਾਈਵਿੰਗ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ, ਰੈੱਡ ਲਾਈਟ ਉਲੰਘਣ, ਵਾਹਨ ਦੀ ਲਾਈਟ ਉੱਚੀ (ਹਾਈ ਬੀਮ) ਕਰ ਕੇ ਚਲਾਉਣ ਦੇ ਦੋਸ਼ ਹੇਠ ਡਰਾਇਵਰ ਰਾਮ ਗੋਪਾਲ ਦਾ 59,000 ਰੁਪਏ ਦਾ ਚਲਾਨ ਕੱਟ ਦਿੱਤਾ।
ਇਸ ਤੋਂ ਪਹਿਲਾਂ ਹੀ ਗੁਰੂਗ੍ਰਾਮ ਦੀ ਪੁਲਿਸ ਨੇ ਤਿੰਨ ਵੱਡੇ ਚਲਾਨ ਕੀਤੇ, ਇਨ੍ਹਾਂ ਵਿੱਚ ਪਹਿਲਾ ਚਾਲਾਨ 23,000 ਰੁਪਏ, ਦੂਜਾ 24,000 ਰੁਪਏ, ਤੀਜਾ 35,000 ਰੁਪਏ ਦਾ ਸੀ।