ਫਗਵਾੜਾ
(ਅਜੈ ਕੋਛੜ ਪੰਜਾਬ ਬਿਊਰੋ)
ਪ੍ਰਵਾਸੀਆ ਦੇ ਪਾਵਨ ਤਿਉਹਾਰ ਛੱਠ ਪੂਜਾ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਐਫ.ਸੀ.ਆਈ. ਫਗਵਾੜਾ ਪ੍ਰਧਾਨ ਭੂਸ਼ਨ ਕੁਮਾਰ ਦੀ ਅਗਵਾਈ ਹੇਠ ਰੱਖੀ ਗਈ ਜਿਸ ਵਿੱਚ ਅਰਜੁਨ ਸ਼ਾਹ, ਸ਼ਮਸ਼ਾਦ ਅਲੀ, ਰਾਜ ਕੁਮਾਰ ਯਾਦਵ, ਸ਼ਮਸ਼ੇਰ ਭਾਰਤੀ, ਰਾਜ ਕੁਮਾਰ ਸ਼ਰਮਾ, ਸ਼ੰਭੂ ਪਾਸਵਾਨ, ਅਸ਼ੋਕ ਕੁਮਾਰ, ਮੰਗਲ ਸਿੰਘ, ਮਦਨ ਰਾਏ, ਗੋਬਿੰਦ ਯਾਦਵ, ਸਰਵਣ ਕੁਮਾਰ, ਕੈਲਾਸ਼ ਯਾਦਵ, ਕ੍ਰਿਸ਼ਨਾ ਯਾਦਵ, ਰਾਮ ਲਾਲ ਸਾਹਨੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਸਮਰੱਥਕ ਹਾਜਰ ਹੋਏ । ਮੀਟਿੰਗ ਦੌਰਾਨ ਭਰਵੀਂ ਸ਼ਮੂਲੀਅਤ ਨੂੰ ਸੰਬੋਧਨ ਕਰਦੇ ਹੋਏ ਭੂਸ਼ਨ ਕੁਮਾਰ ਨੇ ਆਖਿਆ ਕਿ ਦੀਵਾਲੀ ਤੋਂ 6 ਵੇਂ ਦਿਨ ਮਨਾਏ ਜਾਣ ਵਾਲੇ ਛੱਠ ਪੂਜਾ ਤਿਉਹਾਰ ਪ੍ਰਤੀ ਯੂਪੀ ਬਿਹਾਰ ਤੋਂ ਪੰਜਾਬ ਆਏ ਪ੍ਰਵਾਸੀ ਲੋਕਾਂ ਵਿੱਚ ਇਸ ਪਾਵਨ ਤਿਉਹਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਨਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਅਤੇ ਖੁਸ਼ੀ ਹੁੰਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਸਪੈਸ਼ਲ ਟਰੇਨ ਨਾ ਚਲਾਉਣ ਕਰਕੇ ਸਾਡੇ ਪ੍ਰਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ । ਜਿਕਰਯੋਗ ਹੈ ਕਿ ਇਸੇ ਤਿਉਹਾਰ ਸਬੰਧੀ ਹਰ ਸਾਲ ਕੇਂਦਰ ਸਰਕਾਰ ਵੱਲੋਂ ਦੋ ਤੋਂ ਵਧੇਰੇ ਸਪੈਸ਼ਲ ਟਰੇਨਾਂ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਚਲਾਈਆ ਜਾਂਦੀਆ ਹਨ ਪਰ ਇਸ ਵਾਰ ਸਰਕਾਰ ਵੱਲੋਂ ਇੱਕ ਵੀ ਸਪੈਸ਼ਲ ਟਰੇਨ ਨਾ ਚਲਾਏ ਜਾਣ ਕਾਰਨ ਪ੍ਰਵਾਸੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਟਰੇਨਾਂ ਰੋਜਾਨਾ ਯੂਪੀ ਬਿਹਾਰ ਨੂੰ ਜਾਂਦੀਆ ਹਨ ਉਨ੍ਹਾਂ ਦੇ ਡੱਬਿਆਂ ਦੀ ਲਿਮਟ ਤੋਂ ਵੀ ਵੱਧ ਸਵਾਰੀਆਂ ਚੜਾਈਆਂ ਹੁੰਦੀਆਂ ਹਨ ਜਿਵੇਂ ਕੁੱਪ ਵਿੱਚ ਤੂੜੀ ਭਰੀ ਹੁੰਦੀ ਹੈ । ਉਕਤ ਟਰੇਨਾਂ ਵਿੱਚ ਚੜ੍ਹਣਾ ਤਾਂ ਦੂਰ ਦੀ ਗੱਲ ਹੈ ਪੈਰ ਰੱਖਣਾ ਵੀ ਮੁਸ਼ਕਿਲ ਹੁੰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਫ. ਸੀ. ਆਈ. ਦੇ ਸਮੂਹ ਅਹੁਦੇਦਾਰਾਂ ਨੇ ਭਾਰਤ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਛੱਠ ਪੂਜਾ ਸਬੰਧੀ ਜਲਦੀ ਤੋਂ ਜਲਦੀ ਸਪੈਸ਼ਲ ਟਰੇਨ ਚਲਾਉਣ ਦੀ ਮੰਗ ਕੀਤੀ ਹੈ ।