ਚੱਲ ਰਹੀਆਂ ਕਿਆਸ-ਅਰਾਈਆਂ ਅਨੁਸਾਰ ਨਵਜੋਤ ਸਿੰਘ ਸਿੱਧੂ ਪੰਜਾਬ ਵਜ਼ਾਰਤ ਵਿਚ ਇਕ ਵਾਰ ਫਿਰ ਧਮਾਕੇਦਾਰ ਵਾਪਸੀ ਕਰ ਸਕਦੇ ਹਨ। ਇਸ ਵਾਰ ਉਹ ਹੋਰ ਉਚਾਈ ਛੂਹਦਿਆਂ ਉਪ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚ ਸਕਦੇ ਹਨ। ਮਿਲੀਆਂ ਕਨਸੋਆਂ ਅਨੁਸਾਰ ਖੁਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਜ਼ਾਰਤ ‘ਚ ਉਪ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣਾ ਚਾਹੁੰਦੇ ਹਨ। ਇਸ ਸਬੰਧੀ ਉਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਨ ਦੇ ਵੀ ਚਰਚੇ ਹਨ। ਰਾਜਨੀਤੀ ‘ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਅਤੇ ਆਪ ਤੇ ਭਾਜਪਾ ਵੱਲੋਂ ਸਿੱਧੂ ਨੂੰ ਅਪਣੀ ਬੁੱਕਲ ‘ਚ ਲਿਆਉਣ ਦੇ ਯਤਨਾਂ ਦੀਆਂ ਖ਼ਬਰਾਂ ਦਰਮਿਆਨ ਹਾਈ ਕਮਾਨ ਸਿੱਧੂ ਨੂੰ ਹੋਰ ਦਬਾਅ ਕੇ ਰੱਖਣ ਦੇ ਰੌਂਅ ਵਿਚ ਨਹੀਂ ਹੈ। ਅੰਦਰ ਦੀਆਂ ਚਰਚਾਵਾਂ ਮੁਤਾਬਕ ਕੈਪਟਨ ਸਰਕਾਰ ਦੇ ਕਈ ਵਿਧਾਇਕ ਨਾਰਾਜ਼ ਚੱਲ ਰਹੇ ਹਨ ਜੋ ਸਿੱਧੂ ਦੇ ਕਾਫ਼ੀ ਨੇੜੇ ਦੱਸੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸਿੱਧੂ ਦੀ ਧਮਾਕੇਦਾਰ ਵਾਪਸੀ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਜਾ ਸਕਦਾ ਹੈ। ਪੰਜਾਬ ਕਾਂਗਰਸ ਦੇ ਕਈ ਆਗੂ ਅਤੇ ਖੁਦ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਇਸ ਸਬੰਧੀ ਸੰਕੋਚਵੇਂ ਸ਼ਬਦਾਂ ‘ਚ ਜਵਾਬ ਦੇ ਰਹੇ ਹਨ। ਸਿੱਧੂ ਦੀ ਵਜ਼ਾਰਤ ‘ਚ ਉਪ ਮੁੱਖ ਮੰਤਰੀ ਵਜੋਂ ਧਮਾਕੇਦਾਰ ਵਾਪਸੀ ਦੀਆਂ ਖ਼ਬਰਾਂ ਦਾ ਸੁਨੀਲ ਜਾਖੜ ਨੇ ਵੀ ਖੰਡਨ ਨਹੀਂ ਕੀਤਾ। ਇਸ ਮੁੱਦੇ ‘ਤੇਂ ਗੇਂਦ ਹਾਈ ਕਮਾਂਡ ਦੇ ਪਾਲੇ ‘ਚ ਪਾਉਂਦਿਆਂ ਉਨ੍ਹਾਂ ਕਿਹਾ ਕਿ ਹਾਈ ਕਮਾਨ ਜੋ ਵੀ ਫ਼ੈਸਲਾ ਕਰੇਗਾ, ਉਹ ਸਾਰਿਆਂ ਲਈ ਸਵੀਕਾਰਨਯੋਗ ਹੋਵੇਗਾ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਕਹਿੰਦਿਆਂ ਨਵਾਂ ਵਿਵਾਦ ਛੇੜ ਦਿਤਾ ਹੈ ਕਿ ਜਿਹੜੇ ਮੰਤਰੀ ਅਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੇ ਜਾਂ ਜਿਨ੍ਹਾਂ ਦੀ ਪ੍ਰਫੋਰਮੈਂਸ ਵਧੀਆ ਨਹੀਂ ਹੈ, ਉਨ੍ਹਾਂ ਨੂੰ ਵਜ਼ਾਰਤ ਵਿਚੋਂ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ। ਆਪ ਵਿਧਾਇਕ ਨੇ ਲਾਇਆ ਕੈਪਟਨ ‘ਤੇ ਨਿਸ਼ਾਨਾ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੈਪਟਨ ਅਪਣਾ ਕੰਮ ਠੀਕ ਢੰਗ ਨਾਲ ਕਰਨ ‘ਚ ਅਸਫ਼ਲ ਸਾਬਤ ਹੋ ਰਹੇ ਹਨ। ਸਿੱਧੂ ਤੋਂ ਇਲਾਵਾ ਉਨ੍ਹਾਂ ਦੀ ਪਾਰਟੀ ਦੇ ਕਈ ਆਗੂ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੁਰਸੀ ਦੇ ਲਾਲਚ ਵਿਚ ਨਹੀਂ ਪੈਣਾ ਚਾਹੀਦਾ। ਸਿੱਧੂ ਨੂੰ ਵੇਖਣਾ ਚਾਹੀਦਾ ਹੈ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਮੰਤਰੀ ਦਾ ਅਹੁਦਾ ਛੱਡਿਆ ਸੀ, ਉਸ ‘ਤੇ ਕਾਇਮ ਰਹਿੰਦਿਆਂ ਪੰਜਾਬੀ ਵਾਸੀਆਂ ਦੇ ਹਿੱਤ ਦੀ ਗੱਲ ਕਰਦੇ ਰਹਿਣਾ ਚਾਹੀਦਾ ਹੈ। ਭਾਜਪਾ ਨੇ ਦਸਿਆ ਕਾਂਗਰਸ ਦਾ ਅੰਦਰੂਨੀ ਮਸਲਾ
ਦੂਜੇ ਪਾਸੇ ਭਾਜਪਾ ਨੇ ਇਸ ਮਸਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਅਤੇ ਇਹ ਉਨ੍ਹਾਂ ਨੇ ਹੀ ਤਹਿ ਕਰਨਾ ਹੈ ਕਿ ਸਿੱਧੂ ਨੂੰ ਕਿਹੜੀ ਜ਼ਿੰਮੇਵਾਰੀ ਦੇਣੀ ਹੈ। ਸਿੱਧੂ ਦੇ ਭਾਜਪਾ ਜਾਂ ਕਿਸੇ ਹੋਰ ਪਾਰਟੀ ‘ਚ ਜਾਣ ਦੇ ਸਵਾਲ ‘ਤੇ ਭਾਜਪਾ ਦੇ ਬੁਲਾਰੇ ਵਿਨੀਤ ਜੋਸ਼ੀ ਨੇ ਕਿਹਾ ਕਿ ਇਸ ਦਾ ਜਵਾਬ ਤਾਂ ਖੁਦ ਸਿੱਧੂ ਹੀ ਦੇ ਸਕਦੇ ਹਨ। ਅਸਤੀਫ਼ੇ ਤੋਂ ਬਾਅਦ ਵੀ ਕੈਬਨਿਟ ਮੰਤਰੀ ਦੀ ਤਨਖ਼ਾਹ ਤੇ ਭੱਤੇ ਕਾਇਮ
ਨਵਜੋਤ ਸਿੰਘ ਸਿੱਧੂ ਨੇ 20 ਜੁਲਾਈ 2019 ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸ ਤੋਂ ਬਾਅਦ ਉਹ ਸਕੱਤਰੇਤ ਜਾਂ ਵਿਧਾਨ ਸਭਾ ਨਹੀਂ ਗਏ। ਬਾਵਜੂਦ ਇਸ ਦੇ ਸਿੱਧੂ ਦੇ ਤਨਖ਼ਾਹ-ਭੱਤੇ ਕੈਬਨਿਟ ਮੰਤਰੀ ਦੇ ਹਿਸਾਬ ਨਾਲ ਹੀ ਤਿਆਰ ਹੋ ਰਹੇ ਹਨ। ਵਿਧਾਨ ਸਭਾ ਦੇ ਰਿਕਾਰਡ ‘ਚ ਸਿੱਧੂ ਅੱਜ ਵੀ ਕੈਬਨਿਟ ਮੰਤਰੀ ਹਨ। ਇਸ ਪਿੱਛੇ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੇ ਸਿੱਧੂ ਦੇ ਅਸਤੀਫ਼ੇ ਸਬੰਧੀ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ।