ਚੀਨ ਨੇ ਹੁਨਾਨ ਸੂਬੇ ਵਿਚ ਬਰਡ ਫਲੂ ਫੈਲਣ ਦਾ ਖੁਲਾਸਾ ਕੀਤਾ ਹੈ। ਇਹ ਬਰਡ ਫਲੂ ਸੂਬੇ ਦੇ ਸ਼ੂਆਂਗਿੰਗ ਜ਼ਿਲੇ ਵਿਚ ਇਕ ਫਾਰਮ ਹਾਊਸ ‘ਤੇ ਫੈਲਿਆ ਹੈ। ਇਹ ਇਲਾਕਾ ਹੂਬਾਈ ਸੂਬੇ ਦੀ ਦੱਖਣੀ ਸਰਹੱਦ ਦੇ ਨਾਲ ਲੱਗਦਾ ਹੈ ਜੋ ਕਿ ਕੋਰੋਨਾਵਾਇਰਸ ਫੈਲਣ ਦਾ ਧਰੁਵ ਕੇਂਦਰ ਬਣਿਆ ਹੋਇਆ ਹੈ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬਿਮਾਰੀ ਕਾਰਨ ਹੁਣ ਤੱਕ 17828 ਮੁਰਗੇ, ਮੁਰਗੀਆਂ ਮਾਰ ਮੁਕਾਈਆਂ ਗਈਆਂ ਹਨ। ਇਕ ਫਾਰਮ ਹਾਊਸ ‘ਤੇ 7850 ਮੁਰਗੇ ਸਨ ਜਿਸ ਵਿਚੋਂ 4500 ਬਿਮਾਰੀ ਕਾਰਨ ਮਰ ਗਈਆਂ ਹਨ। ਬਿਮਾਰੀ ਫੈਲਣ ਮਗਰੋਂ ਸਥਾਨਕ ਅਧਿਕਾਰੀਆਂ ਨੇ 17828 ਹੋਰ ਮੁਰਗੇ, ਮੁਰਗੀਆਂ ਮਾਰ ਮੁਕਾਏ ਹਨ। ਇਹ ਖੁਲਾਸਾ ਚੀਨ ਦੇ ਖੇਤੀਬਾੜੀ ਤੇ ਦਿਹਾਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਬਿਆਨ ਵਿਚ ਕੀਤਾ ਗਿਆ ਹੈ।
ਬਿਮਾਰੀ ਮਨੁੱਖਾਂ ਵਿਚ ਫੈਲਣ ਦੀ ਕੋਈ ਸੂਚਨਾ ਨਹੀਂ ਹੈ। ਇਸਨੂੰ ਹੁਨਾਨ ਐਚ5 ਐਨ 1 ਵਾਇਰਸ ਕਿਹਾ ਜਾ ਰਿਹਾ ਹੈ।
ਮੰਦੇਭਾਗਾਂ ਨੂੰ ਇਹ ਬਿਮਾਰੀ ਉਦੋਂ ਫੈਲੀ ਹੈ ਜਦੋਂ ਚੀਨ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 304 ਮੌਤਾਂ ਹੋ ਚੁੱਕੀਆਂ ਹਨ।