– ਕੋਵਿਡ ਅਤੇ ਡੇਂਗੂ ਤੋਂ ਸੁਰੱਖਿਅਤ ਰੱਖਣ ਲਈ ਹੀ ਕੀਤੀਆਂ ਜਾ ਰਹੀਆਂ ਹਨ ਗਤੀਵਿਧੀਆਂ : ਡਿਪਟੀ ਕਮਿਸ਼ਨਰ

– ਕਿਹਾ, ਦੁਰਵਿਵਹਾਰ ਕਰਨ ‘ਤੇ ਐਪੀਡੈਮਿਕ ਡਿਜੀਜ਼ ਐਕਟ ਤਹਿਤ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਹੁਸ਼ਿਆਰਪੁਰ (ਫੂਲਾ ਰਾਮ ਬੀਰਮਪੁਰ-ਬਲਵੀਰ ਚੋਪੜਾ ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਮਹਾਂਮਾਰੀ ਦੇ ਇਸ ਨਾਜ਼ਕ ਦੌਰ ਵਿੱਚ ਜਨਤਾ ਨੂੰ ਕੋਵਿਡ-19 ਦੇ ਨਾਲ-ਨਾਲ ਡੇਂਗੂ ਤੋਂ ਸੁਰੱਖਿਅਤ ਰੱਖਣ ਲਈ ਜ਼ਿਲਾ ਪ੍ਰਸਾਸ਼ਨ ਵਲੋਂ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜਿੱਥੇ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਵਿਸ਼ੇਸ਼ ਡਿਊਟੀ ਨਿਭਾਈ ਜਾ ਰਹੀ ਹੈ, ਉਥੇ ਵਿਭਾਗ ਦੀ ਅਗਵਾਈ ਵਿੱਚ ਕਰੀਬ 50 ਵਲੰਟੀਅਰਾਂ ਵਾਲੀ ਡੇਂਗੂ ਜਾਂਚ ਟੀਮ ਤਾਇਨਾਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਨਾਂ ਵਲੰਟੀਅਰਾਂ ਵਲੋਂ ਘਰਾਂ ਦਾ ਸਰਵੇ ਕਰਕੇ ਡੇਂਗੂ ਦੀ ਜਾਂਚ ਕਰਨ ਦੇ ਨਾਲ-ਨਾਲ ਕੋਵਿਡ-19 ਦੇ ਮੱਦੇਨਜ਼ਰ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਕੋਵਿਡ-19 ਅਤੇ ਡੇਂਗੂ ਨਾਲ ਸਬੰਧਤ ਡਿਊਟੀ ਕਰ ਰਹੇ ਸਟਾਫ ਨਾਲ ਸਹਿਯੋਗ ਕੀਤਾ ਜਾਵੇ ਅਤੇ ਸਹਿਯੋਗ ਨਾ ਕਰਨ ‘ਤੇ ਐਪੀਡੈਮਿਕ ਡਿਜੀਜ਼ ਐਕਟ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਭ ਦੇ ਸਹਿਯੋਗ ਦੀ ਲੋੜ ਹੈ, ਤਾਂ ਜੋ ਕੋਰੋਨਾ ਖਿਲਾਫ ਜੰਗ ਜਿੱਤਣ ਦੇ ਨਾਲ-ਨਾਲ ਡੇਂਗੂ ਦੀ ਰੋਕਥਾਮ ਵੀ ਯਕੀਨੀ ਬਣਾਈ ਜਾ ਸਕੇ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਹੁਣ ਬਾਰਿਸ਼ਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਵਲੋਂ ਡੇਂਗੂ ਦੇ ਲਾਰਵੇ ਦੀ ਜਾਂਚ ਕਰਨ ਲਈ ਘਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਦੇਖਣ ਵਿੱਚ ਆਇਆ ਹੈ ਕਿ ਕੁਝ ਘਰਾਂ ਵਿੱਚ ਸਟਾਫ ਨਾਲ ਸਹਿਯੋਗ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਇਹ ਸਟਾਫ ਆਪ ਦੀ ਸੁਰੱਖਿਆ ਲਈ ਹੀ ਸਰਵੇ ਕਰ ਰਿਹਾ ਹੈ, ਇਸ ਲਈ ਕਿਸੇ ਵੀ ਤਰਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਦਾ ਲਾਰਵਾ ਖੜ•ੇ ਪਾਣੀ ਵਿੱਚ ਫੈਲਦਾ ਹੈ, ਇਸ ਲਈ ਘਰਾਂ ਅਤੇ ਆਲੇ-ਦੁਆਲੇ ਜ਼ਿਆਦਾ ਦੇਰ ਪਾਣੀ ਖੜ•ਾ ਨਾ ਹੋਣ ਦਿੱਤਾ ਜਾਵੇ। ਉਨਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਡੇਂਗੂ ਜਾਂਚ ਟੀਮ ਵਲੋਂ ਘਰਾਂ ਦੇ ਸਰਵੇ ਦੌਰਾਨ ਜਿੱਥੇ ਡੇਂਗੂ ਦਾ ਲਾਰਵਾ ਸਾਹਮਣੇ ਆਉਣ ‘ਤੇ ਤੁਰੰਤ ਇਸਨੂੰ ਨਸ਼ਟ ਕੀਤਾ ਜਾ ਰਿਹਾ ਹੈ, ਉਥੇ ਚਲਾਨ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੋਵਿਡ-19 ਤੋਂ ਬਚਾਅ ਸਬੰਧੀ ਸਮਾਜਿਕ ਦੂਰੀ ਬਰਕਰਾਰ ਰੱਖਣ, ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਯਕੀਨੀ ਬਣਾਉਣ ਅਤੇ ਸਮੇਂ-ਸਮੇਂ ‘ਤੇ 20 ਸੈਕਿੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।