ਸਾਹਬੀ ਦਾਸੀਕੇ ਸ਼ਾਹਕੋਟੀ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਧਰਮਾਂ ਜਾਂ ਮਹਾਨ ਸਖਸ਼ੀਅਤਾਂ ਦੇ ਸਤਿਕਾਰ ਵਜੋਂ ਉਨ੍ਹਾਂ ਦੇ ਦਿਨ-ਤਿਉਹਾਰ ਮਨਾਉਣ ਲਈ ਗਜ਼ਟਿਡ ਛੁੱਟੀਆਂ ਐਲਾਨੀਆਂ ਗਈਆਂ ਹਨ, ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਜੋ ਕਿ ਇੱਕ ਸਰਕਾਰੀ ਯੂਨੀਵਰਸਿਟੀ ਹੈ ਦੇ ਅਧਿਕਾਰੀ ਸਾਡੀਆਂ ਮਹਾਨ ਸਖ਼ਸ਼ੀਅਤਾਂ ਨੂੰ ਸਤਿਕਾਰ ਦੇਣਾ ਭੁੱਲ ਗਏ ਹਨ ਤੇ ਆਪਣੀ ਮਨ-ਮਰਜੀ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਇਸ ਫੈਸਲੇ ਨੂੰ ਗੈਰ-ਜਿੰਮੇਵਾਰਾਨਾ ਤੇ ਤਾਨਾਸ਼ਾਹੀ ਦੱਸਦਿਆਂ ਮੁੱਖ ਮੰਤਰੀ ਪੰਜਾਬ ਤੋਂ ਸਾਰੀਆਂ ਗਜ਼ਟਿਡ ਛੁੱਟੀਆਂ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨਾਲ ਸਬੰਧਿਤ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਲਈ ਜਾਰੀ ਕੀਤੇ ਛੁੱਟੀਆਂ ਦੇ ਇਸ ਸਾਲ ਦੇ ਕੈਲੰਡਰ ‘ਚ ਪ੍ਰਵਾਨ ਕੀਤੀਆਂ ਬਹੁਤ ਸਾਰੀਆਂ ਛੁੱਟੀਆਂ ਨੂੰ ਅਹਿਮੀਅਤ ਨਹੀਂ ਦਿੱਤੀ ਗਈ, ਜੋ ਕਿ ਸਿੱਧੇ ਤੌਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਮੁਲਾਜ਼ਮਾਂ ਵੱਲੋਂ ਮਾਮਲਾ ਸਾਡੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਪਤਾ ਲੱਗਾ ਕਿ ਸਹਾਇਤਾ ਪ੍ਰਾਪਤ ਕਾਲਜਾਂ ਦੇ ਛੁੱਟੀਆਂ ਦੇ ਕੈਲੰਡਰ ’ਚ ਸਾਲ-2021 ਦੀਆਂ ਪ੍ਰਵਾਨਤ ਛੁੱਟੀਆਂ ’ਚ ਸਿਰਫ਼ 10 ਛੁੱਟੀਆਂ ਨੂੰ ਹੀ ਅਹਿਮੀਅਤ ਦਿੱਤੀ ਗਈ ਹੈ, ਜਦਕਿ ਕਈ ਰਾਸ਼ਟਰੀ ਜਾਂ ਪੰਜਾਬ ਪੱਧਰ ਦੀਆਂ ਪ੍ਰਮੁੱਖ ਛੁੱਟੀਆਂ ਜਿੰਨਾਂ ‘ਚ ਮਹਾਂ ਸ਼ਿਵਰਾਤਰੀ, ਗੁੱਡ ਫਰਾਈਡੇ, ਰਾਮ ਨੌਮੀ, ਈਦ-ਉੱਲ-ਫਿਤਰ, ਬੁੱਧ ਪੂਰਨਿਮਾ, ਭਗਤ ਕਬੀਰ ਜਯੰਤੀ, ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, ਦੁਸਹਿਰਾ, ਭਗਵਾਨ ਵਾਲਮੀਕਿ ਜਯੰਤੀ ਆਦਿ ਦਿਨਾਂ-ਤਿਉਹਾਰਾਂ ਨੂੰ ਅਹਿਮੀਅਤ ਨਾ ਦਿੰਦਿਆਂ ਵਿੱਚੋਂ ਸਿਰਫ਼ 3 ਰਾਖਵੀਆਂ ਛੁੱਟੀਆਂ ਹੀ ਕੀਤੀਆਂ ਗਈਆਂ ਹਨ, ਜੋ ਕਿ ਸਾਰੀਆਂ ਗਜ਼ਟਿਡ ਛੁੱਟੀਆਂ ਹਨ। ਇਸਦੇ ਇਲਾਵਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਰੂ ਰਵਿਦਾਸ ਜਯੰਤੀ, ਜਨਮ ਦਿਵਸ ਡਾ. ਬੀ.ਆਰ. ਅੰਬੇਡਕਰ, ਮਹਾਂਵੀਰ ਜਯੰਤੀ, ਵਿਸ਼ਵਕਰਮਾ ਦਿਵਸ, ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ਼ ਬਹਾਦਰ ਜੀ ਆਦਿ ਛੁੱਟੀਆਂ ਸਰਕਾਰੀ ਗਜ਼ਟਿਡ ਵਿਚ ਸ਼ਾਮਲ ਹੋਣ ਦੇ ਬਾਵਜੂਦ ਯੂਨੀਵਰਸਿਟੀ ਨੇ ਇਹ ਸਭ ਛੁੱਟੀਆਂ ਰੱਦ ਕਰ ਦਿੱਤੀਆਂ ਹਨ, ਜੋ ਕਿ ਕਾਲਜਾਂ ਦੀ ਮੈਨੇਜਮੈਂਟ, ਸਟਾਫ਼, ਵਿਦਿਆਰਥੀਆਂ ਆਦਿ ਦੀਆਂ ਧਾਰਮਿਕ ਭਾਵਨਾਵਾਂ ਨਾਲ ਵੱਡਾ ਖਿਲਵਾੜ ਹੈ। ਇੰਨ੍ਹਾਂ ਛੁੱਟੀਆਂ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਨੂੰ ਛੱਡ ਬਾਕੀ ਪੰਜਾਬ ਜਾਂ ਦੇਸ਼ ਭਰ ਦੇ ਸਾਰੇ ਵਿਦਿਅਕ ਅਦਾਰੇ ਬੰਦ ਰੱਖੇ ਜਾਂਦੇ ਹਨ। ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਯੂਨੀਵਰਿਸਟੀ ਜਲਦ ਤੋਂ ਜਲਦ ਗਜ਼ਟਿਡ ਛੁੱਟੀਆਂ ਬਹਾਲ ਨਹੀਂ ਕਰਦੀ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।