ਫਗਵਾੜਾ (ਡਾ ਰਮਨ)

ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦਗੜ• (ਭੋਗਪੁਰ) ਫਗਵਾੜਾ ਦੇ ਟਰੱਸਟ ਮੈਂਬਰਾਂ ਦੀ ਇਕ ਜਰੂਰੀ ਮੀਟਿੰਗ ਸ੍ਰ. ਸਰਵਣ ਸਿੰਘ ਕੁਲਾਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਟਰੱਸਟ ਦੇ ਖਜਾਨਚੀ ਸ੍ਰ. ਫਤਿਹ ਸਿੰਘ ਤੋਂ ਇਲਾਵਾ ਟਰੱਸਟ ਮੈਂਬਰ ਸਤਵੀਰ ਸਿੰਘ ਵਾਲੀਆ, ਸੁਰਿੰਦਰ ਸਿੰਘ ਵਾਲੀਆ, ਸੁਰਿੰਦਰ ਸਿੰਘ ਭੋਗਪੁਰ ਅਤੇ ਸ਼ਰਨਜੀਤ ਸਿੰਘ ਅਟਵਾਲ ਸ਼ਾਮਲ ਹੋਏ। ਮੀਟਿੰਗ ਦੌਰਾਨ ਟਰੱਸਟ ਵਲੋਂ ਤਲਵਿੰਦਰ ਸਿੰਘ ਉਰਫ ਪਰਮੇਸ਼ਰ ਸਿੰਘ ਖਿਲਾਫ ਗੁਰਦੁਆਰਾ ਸਾਹਿਬ ‘ਚ ਤਾਲੇ ਭੰਨ ਕੇ ਰਿਕਾਰਡ ਤੇ ਨਗਦੀ ਚੋਰੀ ਕਰਨ, ਭੰਨ ਤੋੜ ਕਰਨ, ਟਰੱਸਟ ਮੈਂਬਰਾਂ ਨਾਲ ਝਗੜਾ ਕਰਨ ਦੀਆਂ ਥਾਣਾ ਰਾਵਲਪਿੰਡੀ ਪੁਲਿਸ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਦਿੱਤੀਆਂ ਵੱਖ-ਵੱਖ ਦਰਖਾਸਤਾਂ ਸਬੰਧੀ ਕੋਈ ਕਾਰਵਾਈ ਨਾ ਹੋਣ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਸ੍ਰ. ਫਤਿਹ ਸਿੰਘ ਨੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰਗੋਬਿੰਦਗੜ• (ਭੋਗਪੁਰ) ਫਗਵਾੜਾ ਦੀ ਮਲਕੀਅਤ ਕੁੰਦਨ ਸਿੰਘ 1/2 ਹਿੱਸਾ, ਨਗੀਨਾ ਸਿੰਘ ਤੇ ਬਚਿੱਤਰ ਸਿੰਘ 1/4 ਹਿੱਸਾ ਸੀ ਇਸ ਵਿਚ ਪਿੰਡ ਦਾ ਰਕਬਾ 16 ਕਿੱਲੇ ਖਸਰਾ ਨੰ. 862 ਦੀ ਮਾਲਕੀ ਵੀ ਇਨ੍ਹਾਂ ਦੀ ਸੀ ਪਿੰਡ ਦੀ ਕੋਈ ਲਾਲ ਲਕੀਰ ਨਹੀਂ ਹੈ ਇਸ ਮੁਤਾਬਕ ਹੁਣ ੲਿਨ੍ਹਾਂ ਦੀ ਔਲਾਦ ਮਾਲਕ ਹਨ ਪਿੰਡ ਦੀ ਮਾਲਕੀ ਵਿਚ ਹੁਣ ਤੱਕ ਵੀ ਕੋਈ ਬਾਹਰੀ ਹਿੱਸੇਦਾਰ ਨਹੀਂ ਹੈ। ਬਚਿੱਤਰ ਸਿੰਘ ਦੇ ਤਿੰਨ ਬੱਚੇ ਸਨ। ਵੱਡੇ ਪੁੱਤਰ ਸੰਤ ਰਣਜੀਤ ਸਿੰਘ ਨੇ ਆਪਣੇ ਘਰ ਦੇ ਅੰਦਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਿੱਥੇ ਲਗਾਤਾਰ ਅਖੰਡ ਪਾਠ ਸਾਹਿਬ ਦੀ ਲੜੀ ਚਲਾਈ ਗਈ। ਸੰਤ ਬਾਬਾ ਰਣਜੀਤ ਸਿੰਘ 13 ਮਈ 1997 ਨੂੰ ਸਰੀਰ ਛੱਡ ਗਏ। ਉਨ੍ਹਾਂ ਦੀ ਦੇ ਲੜਕਾ ਨਾ ਹੋਣ ਕਾਰਨ ਘਰੇਲੂ ਤੌਰ ਤੇ ਦਸਤਾਰ ਬੰਦੀ ਛੋਟੇ ਭਰਾ ਜਗਜੀਤ ਸਿੰਘ ਨੂੰ ਕੀਤੀ ਗਈ। ਇਸ ਸਥਾਨ ਤੇ ਕਿਸੇ ਨੂੰ ਮੁੱਖ ਸੇਵਾਦਾਰ ਨਹੀਂ ਬਨਾਇਆ ਗਿਆ। ਜਿਸ ਬਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦੀ ਕੋਈ ਕਮੇਟੀ ਨਹੀਂ ਹੈ ਨਾ ਕਿਸੇ ਦੀ ਦਸਤਾਰ ਬੰਦੀ ਕੀਤੀ ਹੈ ਜੇਕਰ ਕੋਈ ਕਮੇਟੀ ਆਦਿ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਗੈਰ ਕਾਨੂੰਨੀ ਹੋਵੇਗੀ । ਕਾਨੂੰਨ ਮੁਤਾਬਕ ਬਾਬਾ ਰਣਜੀਤ ਸਿੰਘ ਜੀ ਦੀ ਵਿਰਾਸਤ ਉਨ੍ਹਾਂ ਦੀ ਲੜਕੀ ਹਰਮਿੰਦਰ ਕੌਰ ਦੇ ਨਾਂ ਹੋ ਗਈ। ਬੀਬੀ ਹਰਮਿੰਦਰ ਕੌਰ 2014 ਵਿਚ ਸਵਰਗਵਾਸ ਹੋ ਗਏ ਸਨ ਤੇ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੀ ਲੜਕੀ ਬੀਬੀ ਜਸਵਿੰਦਰ ਕੌਰ ਪਰਮਾਰ ਦੇ ਨਾਂ ਹੋ ਗਈ ਹੈ ਜੋ ਇਸ ਸਮੇਂ ਮਾਲਕ ਹਨ। ਸੰਤ ਬਾਬਾ ਰਣਜੀਤ ਸਿੰਘ ਦੇ ਭਰਾ ਤੇ ਬਾਕੀ ਸਾਰੇ ਪ੍ਰੀਵਾਰਕ ਦੇ ਮੈਂਬਰ ਵਿਦੇਸ਼ ਵਿਚ ਰਹਿੰਦੇ ਹੋਣ ਕਰਕੇ ਸੰਤ ਬਾਬਾ ਰਣਜੀਤ ਸਿੰਘ ਦੇ ਸ਼ਰਧਾਲੂ ਹਰਕੇਵਲ ਸਿੰਘ ਨੂੰ ਦੇਖ ਭਾਲ ਦੀ ਜਿੱਮੇਵਾਰੀ ਦੇ ਦਿੱਤੀ ਗਈ ਪਰ ਹਰਕੇਵਲ ਸਿੰਘ ਦੇ ਬਿਮਾਰ ਹੋਣ ਕਰਕੇ ਬੀਬੀ ਜਸਵਿੰਦਰ ਕੌਰ ਨੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਨ ਲਈ ਤੇਰਾਂ ਮੈਂਬਰਾਂ ਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਚੈਰੀਟੇਬਲ ਟਰੱਸਟ 2015 ਵਿਚ ਬਣਾ ਦਿੱਤਾ ਜਿਸ ਦੇ ਮੈਂਬਰ ਤਿੰਨ ਮੁੱਖ ਪਰਿਵਾਰਾਂ ਅਤੇ ਸੰਗਤ ਵਿਚੋਂ ਲਏ ਗਏ ਹਨ। ਹੁਣ ਇਹ ਗੁਰਦੁਆਰਾ ਸਾਹਿਬ ਟਰੱਸਟ ਦੀ ਜਾਇਦਾਦ ਹੈ। ਜਿਸਦਾ ਪੰਜੀਕਰਣ ਕਰਵਾਇਆ ਗਿਆ ਹੈ ਅਤੇ ਇਹ ਇਨਕਮ ਟੈਕਸ ਵਿਭਾਗ ਪਾਸ ਵੀ ਰਜਿਸਟਰ ਹੈ। ਫਤਿਹ ਸਿੰਘ ਨੇ ਦੱਸਿਆ ਕਿ ਹਰਕੇਵਲ ਸਿੰਘ ਦੀ ਸਹਾਇਤਾ ਕਰਨ ਲਈ ਤਲਵਿੰਦਰ ਸਿੰਘ ਉਰਫ ਪਰਮੇਸ਼ਰ ਜੋ ਇਸ ਹੀ ਪ੍ਰਵਾਰ ਦੇ ਦੂਜੇ ਗੁਰਦੁਆਰਾ ਕਿਸ਼ਨਪੁਰ ਦਾ ਪਾਠੀ (ਗਰੰਥੀ) ਸੀ ਨੂੰ ਇੱਥੇ ਦੇਖਭਾਲ ‘ਚ ਸਹਿਯੋਗ ਲਈ ਲਿਆਂਦਾ ਗਿਆ ਸੀ ਪਰ ਹਰਕੇਵਲ ਸਿੰਘ ਦੀ ਮਾਰਚ 2016 ਵਿਚ ਮੌਤ ਹੋਣ ਤੋਂ ਕੁੱਝ ਚਿਰ ਬਾਅਦ ਤਲਵਿੰਦਰ ਸਿੰਘ ਉਰਫ ਪਰਮੇਸ਼ਰ ਨੇ ਫਰਜ਼ੀ ਦਸਤਾਰ ਬੰਦੀ ਦਾ ਢੌਂਗ ਰੱਚ ਕੇ ਸੰਗਤਾਂ ਵਿੱਚ ਮੁੱਖ ਸੇਵਾਦਾਰ ਹੋਣ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਦਕਿ ਦਸਤਾਰ ਬੰਦੀ ਦੀ ਲਿਖੀ ਹੋਈ ਫਰਜ਼ੀ ਕਾਰਵਾਈ ਤੇ ਟਰੱਸਟ ਦੇ ਕਿਸੇ ਵੀ ਮੈਂਬਰ ਦੇ ਦਸਖ਼ਤ ਨਹੀਂ ਹਨ ਤੇ ਨਾ ਹੀ ਟਰੱਸਟ ਵੱਲੋਂ ਕੋਈ ਮਤਾ ਪਾਸ ਕੀਤਾ ਗਿਆ ਹੈ ਉਪਰੰਤ ਤਲਵਿੰਦਰ ਸਿੰਘ ਉਰਫ ਪਰਮੇਸ਼ਰ ਨੇ ਟਰੱਸਟ ਦੇ ਪਸ਼ੂ ਆਦਿ ਵੇਚਣੇ ਸ਼ੁਰੂ ਕਰ ਦਿੱਤੇ। ਮੈਂਬਰਾਂ ਵੱਲੋਂ ਰੋਕਣ ਤੇ ਉਲਟ ਉਨ੍ਹਾਂ ਤੇ ਥਾਣੇ ਦਰਖਾਸਤ ਦੇ ਦਿੱਤੀ। ਜਦੋਂ ਇਸ ਤੋਂ ਹਿਸਾਬ ਦੀ ਮੰਗ ਕੀਤੀ ਗਈ ਤਾਂ ਟਾਲ ਮਟੋਲ ਕਰਨ ਲੱਗ ਗਿਆ। ਜਿਸ ਕਰਕੇ ਟਰੱਸਟ ਨੇ ਮਤਾ ਪਾ ਕੇ ਇਸ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਲਕਾਂ ਨੂੰ ਜਿੰਦੇ ਲਾ ਦਿਤੇ ਗਏ। ਪਿਛਲੇ ਸਾਲ 23 ਮਈ 2018 ਨੂੰ ਮਾਣਯੋਗ ਅਦਾਲਤ ਤੋਂ ਇਕ ਤਰਫਾ ਸਟੇਅ ਲੈਣ ਉਪਰੰਤ ਇਸ ਨੇ ਬਾਹਰੀ ਲੋਕਾਂ ਨੂੰ ਨਾਲ ਲੈਕੇ ਟਰੱਸਟ ਮੈਂਬਰਾਂ ਨਾਲ ਝਗੜਾ ਕੀਤਾ ਤੇ ਮਿਤੀ 25 ਮਈ 2018 ਨੂੰ ਰਾਤ ਸਮੇਂ ਟਰੱਸਟ ਵੱਲੋਂ ਲਗਾਏ ਤਾਲੇ ਭੰਨੇ ਤੇ ਗੋਲਕਾਂ ਚੋਰੀ ਕਰ ਲਈਆਂ। ਨਾਲ ਹੀ ਟਰੱਸਟ ਦੇ ਦਫਤਰ ਦੇ ਤਾਲੇ ਤੋੜੇ ਤੇ ਰਿਕਾਰਡ ਤੇ ਕੁਝ ਨਕਦੀ ਚੋਰੀ ਕਰ ਲਈ। ਇਸ ਸਬੰਧੀ ਥਾਣਾ ਰਾਵਲਪਿੰਡੀ ਵਿਚ ਚੋਰੀ ਕਰਨ ਤੇ ਦਰਖਾਸਤ ਦਿੱਤੀ ਗਈ ਪਰ ਕੋਈ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਗਈ। ਟਰੱਸਟ ਵਲੋਂ ਡਿਪਟੀ ਕਮਿਸ਼ਨਰ ਕਪੂਰਥਲਾ, ਐਸ.ਐਸ.ਪੀ ਕਪੂਰਥਲਾ, ਐਨ.ਆਰ.ਆਈ ਵਿੰਗ ਕਪੂਰਥਲਾ ਨੂੰ ਵੀ ਲਿਖਿਤ ਦਰਖਾਸਤ ਦਿੱਤੀ ਗਈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮਾਣਯੋਗ ਅਦਾਲਤ ਨੇ 17 ਸਤੰਬਰ 2018 ਨੂੰ ਪਰਮੇਸ਼ਰ ਉਕਤ ਨੂੰ ਦਿੱਤਾ ਸਟੇਅ ਵੀ ਤੋੜ ਦਿੱਤਾ ਹੈ। ਪੁਲਿਸ ਤੇ ਪ੍ਰਸ਼ਾਸਨ ਨੂੰ ਦੱਸਿਆ ਜਾ ਚੁੱਕਾ ਹੈ ਕਿ ਇਥੇ ਝਗੜਾ ਹੋ ਸਕਦਾ ਹੈ ਤੁਰੰਤ ਕਾਰਵਾਈ ਕੀਤੀ ਜਾਵੇ ਪਰ ਟਰੱਸਟ ਦੀਆਂ ਦਰਖ਼ਾਸਤਾਂ ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਉਹ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ, ਪੰਜਾਬ ਪੁਲਿਸ ਦੇ ਡੀ.ਜੀ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਨ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਰੂਰੀ ਕਦਮ ਚੁੱਕੇ ਜਾਣ ਅਤੇ ਤਲਵਿੰਦਰ ਸਿੰਘ ਉਰਫ ਪਰਮੇਸ਼ਰ ਖਿਲਾਫ ਟਰੱਸਟ ਵਲੋਂ ਦਿੱਤੀਆਂ ਸ਼ਿਕਾਇਤਾਂ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ