ਫਗਵਾੜਾ (ਡਾ ਰਮਨ ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 6 ਜੂਨ ਨੂੰ ਖਾਲੀਸਤਾਨ ਪੱਖੀ ਦਿੱਤੇ ਬਿਆਨ ਨੂੰ ਬਾਦਲਾਂ ਦੇ ਦਿਮਾਗ ਦੀ ਉਪਜ ਦਸਦਿਆਂ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਜੱਥੇਦਾਰ ਸਾਹਿਬ ਦੇ ਇਸ ਬਿਆਨ ਦੇ ਪਿੱਛੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦਾ ਸ਼ਰਾਰਤੀ ਦਿਮਾਗ ਹੈ। ਇਹ ਦੋਵੇਂ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮ ਤੇ ਚਲਦਿਆਂ ਸਿਆਸੀ ਨਫੇ ਲਈ ਸਮੇਂ-ਸਮੇਂ ਸਿਰ ਅਜਿਹੀ ਬਿਆਨਬਾਜੀ ਕਰਵਾਉਂਦੇ ਹਨ। ਸ੍ਰੋਮਣੀ ਕਮੇਟੀ ਪ੍ਰਧਾਨ ਅਤੇ ਜੱਥੇਦਾਰਾਂ ਦੀਆਂ ਨਿਯੁਕਤੀਆਂ ਬਾਦਲਾਂ ਦੀਆਂ ਪਰਚੀਆਂ ਨਾਲ ਹੋਣ ਦੀ ਗੱਲ ਜਗਜਾਹਿਰ ਹੈ। ਜਿਹਨਾਂ ਨੂੰ ਮੋਹਰੇ ਬਣਾ ਕੇ ਅਕਾਲੀਆਂ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਉਕਸਾਉਂਦੇ ਹੋਏ ਹਮੇਸ਼ਾ ਸਿਆਸੀ ਤਵਾ ਗਰਮ ਕੀਤਾ ਹੈ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੋਂ ਬਾਅਦ ਬਾਦਲਾਂ ਦਾ ਅਕਾਲੀ ਦਲ ਜਨਤਾ ਵਲੋਂ ਬੁਰੀ ਤਰ•ਾਂ ਨਕਾਰਿਆ ਜਾ ਚੁੱਕਾ ਹੈ ਜਿਸ ਕਰਕੇ ਇਹਨਾਂ ਤੋਂ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਦਾਸ਼ਤ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਿੱਖ ਸੰਗਤ ਨੇ ਖਾਲੀਸਤਾਨ ਦੇ ਵਿਚਾਰ ਨੂੰ ਨਾ ਕਦੇ ਸਮਰਥਨ ਦਿੱਤਾ ਸੀ ਅਤੇ ਨਾ ਹੀ ਦੇਵੇਗੀ ਕਿਉਂਕਿ ਭਾਰਤ ਦੇ ਕੋਨੇ-ਕੋਨੇ ਨਾਲ ਗੁਰੂ ਸਾਹਿਬਾਨ ਦਾ ਇਤਿਹਾਸ ਜੁੜਿਆ ਹੋਇਆ ਹੈ। ਕੋਈ ਵੀ ਸੱਚਾ ਸਿੱਖ ਇਸ ਧਰਤੀ ਤੋਂ ਵੱਖਰਾ ਹੋਣ ਦੀ ਨਹੀਂ ਸੋਚ ਸਕਦਾ। ਉਹਨਾਂ ਸਾਬਕਾ ਡਿਪਟੀ ਸੀ.ਐਮ. ਸੁਖਬੀਰ ਬਾਦਲ ਤੋਂ ਜੱਥੇਦਾਰ ਦੇ ਬਿਆਨ ਨੂੰ ਲੈ ਕੇ ਆਪਣਾ ਸਟੈਂਡ ਜਨਤਾ ਸਾਹਮਣੇ ਸਪਸ਼ਟ ਕਰਨ ਦੀ ਮੰਗ ਵੀ ਕੀਤੀ।