* ਮੰਗ ਪੱਤਰ ਦੇ ਕੇ ਗਾਇਕ ਖਿਲਾਫ ਦਰਜ ਪਰਚਾ ਰੱਦ ਕਰਨ ਦੀ ਕੀਤੀ ਮੰਗ

ਫਗਵਾੜਾ (ਡਾ ਰਮਨ) ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਅੱਜ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਦੇ ਨਾਮ ਦਿੱਤੇ ਮੰਗ ਪੱਤਰ ਵਿਚ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਸਮਰਥਨ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਉਹਨਾਂ ਆਗੂਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਜਿਹਨਾਂ ਨੇ ਗਾਇਕ ਰਣਜੀਤ ਬਾਵਾ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੰਗ ਪੱਤਰ ਵਿਚ ਰਣਜੀਤ ਬਾਵਾ ਖਿਲਾਫ ਦਰਜ ਐਫ.ਆਈ.ਆਰ. ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹਰਭਜਨ ਸੁਮਨ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਰਣਜੀਤ ਬਾਵਾ ਦਾ ਗੀਤ ‘ਮੇਰਾ ਕੀ ਕਸੂਰ’ ਕਿਸੇ ਵੀ ਧਰਮ ਵਿਸ਼ੇਸ਼ ਦੇ ਖਿਲਾਫ ਨਹੀਂ ਹੈ ਬਲਕਿ ਧਰਮਾਂ ਵਿਚ ਫੈਲੀਆਂ ਕੁਰੀਤੀਆਂ ਨੂੰ ਉਜਾਗਰ ਕਰਦੇ ਹਨ। ਉਹਨਾਂ ਕਿਹਾ ਕਿ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਭਾਰਤ ਦੇ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਭਵਿੱਖ ਵਿਚ ਇਸ ਗੱਲ ਦਾ ਖਿਆਲ ਰਹੇ ਕਿ ਤਰਕਸ਼ੀਲਤਾ ਨਾਲ ਗੱਲ ਕਰਨ ਵਾਲੇ ਕਿਸੇ ਵੀ ਗਾਇਕ ਜਾਂ ਪ੍ਰਚਾਰਕ ਖਿਲਾਫ ਕਿਸੇ ਦਬਾਅ ਹੇਠ ਕੋਈ ਕਾਰਵਾਈ ਨਾ ਹੋਵੇ। ਇਸ ਮੌਕੇ ਉਹਨਾਂ ਦੇ ਨਾਲ ਅਕਾਲ ਸਟੂਡੈਂਟ ਫੈਡਰੇਸ਼ਨ ਤੋਂ ਮਨਜੀਤ ਸਿੰਘ, ਤਜਿੰਦਰ ਸਿੰਘ, ਏਕਸ ਇੰਟਰਨੈਸ਼ਨਲ ਤੋਂ ਮਨਜਿੰਦਰ ਸਿੰਘ ਖਾਲਸਾ ਦੇ ਇਲਾਵਾ ਅੰਬੇਡਕਰ ਸੈਨਾ ਆਗੂ ਜਸਵਿੰਦਰ ਬੋਧ, ਮਨੀ ਅੰਬੇਡਕਰੀ, ਪ੍ਰਦੀਪ ਅੰਬੇਡਕਰੀ, ਧਰਮਵੀਰ ਬੋਧ, ਸੰਦੀਪ ਅਤੇ ਬੰਟੀ ਕੌਲਸਰ ਆਦਿ ਹਾਜਰ ਸਨ।