* ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ
ਫਗਵਾੜਾ (ਡਾ ਰਮਨ ) ਲਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ਉਪਰ 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹੋਈ ਝੜਪ ਵਿਚ ਸ਼ਹੀਦ ਹੋਏ 20 ਭਾਰਤੀ ਫੌਜੀ ਜਵਾਨਾਂ ਦੀ ਸ਼ਹਾਦਤ ਨੂੰ ਦੇਸ਼ ਦਾ ਵੱਡਾ ਨੁਕਸਾਨ ਦੱਸਦਿਆਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪਰ ਇਸ ਦੇ ਨਾਲ ਹੀ ਉਨ•ਾਂ ਨੇ ਫੌਜੀ ਜਵਾਨਾਂ ਦੀ ਸ਼ਹਾਦਤ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਫਲਾਪ ਵਿਦੇਸ਼ ਨੀਤੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇਥੇ ਗੱਲਬਾਤ ਦੌਰਾਨ ਮਾਨ ਨੇ ਕਿਹਾ ਕਿ ਜਦੋਂ ਵੀ ਦੇਸ਼ ਤੇ ਖਤਰਾ ਆਇਆ ਤਾਂ ਸਾਡੇ ਬਹਾਦੁਰ ਸੈਨਿਕਾਂ ਨੇ ਹਮੇਸ਼ਾਂ ਇਸ ਦੇਸ਼ ਦੀ ਮਿੱਟੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਭਾਰਤ ਦੀ ਮੋਜੂਦਾ ਤ੍ਰਾਸਦੀ ਇਹ ਹੈ ਕਿ ਇਸ ਸਮੇਂ ਦੇਸ਼ ਦੀ ਵਾਗਡੋਰ ਜਿਸ ਸਰਕਾਰ ਪਾਸ ਹੈ ਉਸ ਦੀਆਂ ਨੀਤੀਆਂ ਭਾਰਤੀ ਸਰਹੱਦਾਂ ਦੀ ਸੁਰੱਖਿਆ ਕਰਨ ਵਿਚ ਨਾਕਾਮ ਸਾਬਿਤ ਹੋ ਰਹੀਆਂ ਹਨ। ਉਨ•ਾਂ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਤੋਂ ਚੀਨ ਨੇ ਕਦੇ ਵੀ ਹਮਲਾਵਰ ਰੁੱਖ ਨਹੀਂ ਦਿਖਾਇਆ ਇਸ ਲਈ ਚੀਨ ਬਾਰਡਰ ਤੇ ਹੁਣ ਵੀਹ ਜਵਾਨਾ ਦੀ ਹੋਈ ਸ਼ਹਾਦਤ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਥੋਂ ਤਕ ਕਿ ਸਭ ਤੋਂ ਕਮਜ਼ੋਰ ਸਰਕਾਰਾਂ ਨੇ ਭਾਰਤ ਵਿਚ ਸੱਤਾ ਸੰਭਾਲੀ ਪਰ ਫਿਰ ਵੀ ਚੀਨ ਦੀਆਂ ਸਰਹੱਦਾਂ ‘ਤੇ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ। ਜਦਕਿ ਅੱਜ ਪੂਰਣ ਬਹੁਮਤ ਦੀ ਮੋਦੀ ਸਰਕਾਰ ਦੇ ਰਾਜ ਵਿਚ ਜਿੱਥੇ ਪਾਕਿਸਤਾਨ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ, ਉੱਥੇ ਹੀ ਚੀਨ ਵੀ ਭਾਰਤੀ ਸਰਹੱਦਾਂ ਵਿੱਚ ਦਾਖਲ ਹੋਣ ਤੋਂ ਸੰਕੋਚ ਨਹੀਂ ਕਰਦਾ। ਹੋਰ ਤਾਂ ਹੋਰ ਨੇਪਾਲ ਵਰਗਾ ਇਕ ਛੋਟਾ ਜਿਹਾ ਦੇਸ਼, ਜੋ ਹਮੇਸ਼ਾ ਭਾਰਤ ਨੂੰ ਆਪਣਾ ਵੱਡਾ ਭਰਾ ਮੰਨਦਾ ਸੀ, ਉਹ ਸਾਨੂੰ ਧਮਕਾ ਰਿਹਾ ਹੈ ਜਿਸ ਤੋਂ ਸਪੱਸ਼ਟ ਹੈ ਕਿ ਕੇਂਦਰ ਦੀ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਉਨ•ਾਂ ਕਿਹਾ ਕਿ ਦੇਸ਼ ਅੱਜ ਇਹ ਜਾਣਨਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਲਾਹੌਰ ਵਿੱਚ ਨਵਾਜ਼ ਸ਼ਰੀਫ ਨਾਲ ਚਾਹ ਪੀ ਕੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਝੂਲਾ ਝੂਲ ਕੇ ਆਖਿਰ ਦੇਸ਼ ਲਈ ਕੀ ਹਾਸਲ ਕੀਤਾ ਹੈ। ਉਨ•ਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਗਲਵਾਨ ਘਾਟੀ ਵਿੱਚ ਵਾਪਰੀ ਘਟਨਾ ਦਾ ਠੋਕਵਾਂ ਜਵਾਬ ਦੇਣਾ ਚਾਹੀਦਾ ਹੈ ਪਰ ਇਸ ਦੇ ਲਈ ਵਿਰੋਧੀ ਧਿਰ ਨੂੰ ਭਰੋਸੇ ਵਿੱਚ ਲੈਣਾ ਵੀ ਬਹੁਤ ਜ਼ਰੂਰੀ ਹੈ।